ਸੁਖਬੀਰ ਬਾਦਲ ਨੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਅਗਲੀ ਸਿਆਸੀ ਰਣਨੀਤੀ ਬਨਾਉਣ ਦਾ ਸਿਲਸਿਲਾ ਕੀਤਾ ਸ਼ੁਰੂ

Sunday, Sep 17, 2017 - 07:16 PM (IST)

ਮਾਨਸਾ (ਮਿੱਤਲ) — ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਹਲਕਾ ਪੱਧਰੀ ਮੀਟਿੰਗਾ ਦਾ ਸਿਲਸਿਲਾ ਜ਼ੋਰਾਂ ਸ਼ੋਰਾਂ ਨਾਲ ਆਰੰਭ ਕਰ ਦਿੱਤਾ ਹੈ। ਜਿਸ ਦੀ ਸ਼ੁਰੂਆਤ ਅੱਜ ਮਾਨਸਾ ਵਿਧਾਨ ਸਭਾ ਹਲਕੇ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਨਿਜੀ ਗ੍ਰਹਿ ਪਿੰਡ ਬਾਦਲ ਵਿਖੇ ਮਾਨਸਾ ਹਲਕੇ ਦੇ ਸੀਨੀਅਰ ਆਗੂਆਂ ਨਾਲ  ਮੀਟਿੰਗ ਕਰਕੇ ਅਗਲੀ ਸਿਆਸੀ ਰਣਨੀਤੀ ਬਨਾਉਣ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਨੂੰ ਤਰੱਕੀਆਂ ਵੱਲ ਲੈ ਕੇ ਜਾਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਗਈ ਸੀ ਪਰ ਸਾਡੇ ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੂੜ ਪ੍ਰਚਾਰ ਨੇ ਲੋਕਾਂ ਨੂੰ ਗੁੰਮਰਾਹ ਕੀਤਾ , ਜਿਸ ਦੀ ਬਦੌਲਤ ਕਾਂਗਰਸ ਸਰਕਾਰ ਸੱਤਾ 'ਚ ਹੈ ਪਰ ਇਸ ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ਨੇ ਪੰਜਾਬ ਦੇ ਲੋਕਾਂ ਨੂੰ ਤੜਪਣ ਲਈ ਮਜ਼ਬੂਰ ਕਰ ਦਿੱਤਾ ਹੈ। ਗਰੀਬ ਵਰਗ ਲਈ ਚਲਾਈਆਂ ਸਕੀਮਾਂ ਬੰਦ ਕਰ ਦਿੱਤੀਆਂ। ਕਿਸਾਨ ਖੁਦਕੁਸ਼ੀਆਂ ਦੇ ਰਾਹ ਵੱਲ ਤੁਰ ਪਿਆ ਪਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲ 'ਚ ਅਰਾਮ ਫਰਮਾ ਰਹੇ ਹਨ। ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਆਪਣੇ ਨਿੱਕੇ-ਮੋਟੇ ਗਿਲੇ-ਸ਼ਿਕਵੇ ਭੁਲਾ ਕੇ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਨ। ਬਾਦਲ ਨੇ ਦਾਅਵੇ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬਾਦਲ ਪਰਿਵਾਰ ਦੇ ਮੈਂਬਰ ਹਨ। ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਂਚ ਨਹੀਂ ਆਣ ਦਿੱਤੀ ਜਾਵੇਗੀ। ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਰਕਰਾਂ ਤੇ ਆਗੂਆਂ ਦੇ ਮਿਲੇ ਸੂਝਾਵਾਂ ਨੂੰ ਬਰੀਕੀ ਨਾਲ ਸੁਣਿਆ ਤੇ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਸੂਝਾਵਾਂ ਨੂੰ ਅਮਲੀ ਰੂਪ 'ਚ ਅਪਣਾਇਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮਾਨਸਾ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਚੇਅਰਮੈਨ ਸੁਖਵਿੰਦਰ ਸਿੰਘ ਔਲਖ, ਸ਼ਹਿਰੀ ਜ਼ਿਲਾ ਪ੍ਰਧਾਨ ਪ੍ਰਏਮ ਕੁਮਾਰ ਅਰੋੜਾ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ 'ਚ ਆਗੂ ਤੇ ਵਰਕਰ ਮੌਜੂਦ ਸਨ।


Related News