ਬਾਦਲ ਜੋੜੇ ਨੇ ਵਿਰੋਧੀ ਧਿਰਾਂ ਨੂੰ ਲਿਆ ਕਰੜੇ ਹੱਥੀ, ਕਿਹਾ ''ਆਪ'' ਆਗੂ ਨਸ਼ੇ ਦੇ ਵਪਾਰੀ ਤੇ ਕਾਂਗਰਸ ਰੰਗਰਲੀਆਂ ਮਨਾਉਣ ''ਚ ਵਿਅਸਤ

11/16/2017 1:44:43 PM

ਅੰਮ੍ਰਿਤਸਰ (ਸੁਮਿਤ ਖੰਨਾ) — ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀਰਵਾਰ ਨੂੰ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜਿਥੇ ਸੁਖਬੀਰ ਬਾਦਲ ਨੇ ਰਾਸ਼ਟਰਪਤੀ ਰਾਜਨਾਥ ਕੋਵਿੰਦ ਵਲੋਂ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਣ ਤੇ ਪੰਜਾਬ ਦੌਰੇ ਦਾ ਸਵਾਗਤ ਕੀਤਾ, ਉਥੇ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਉਪਰ ਨਿਸ਼ਾਨਾ ਸਾਧਿਆ। ਇਸ ਦੌਰਾਨ ਸੁਖਬੀਰ ਨੇ 'ਆਪ'  ਆਗੂ ਕੰਵਰ ਸੰਧੂ ਵਲੋਂ ਹਿੰਦੂ ਆਗੂਆਂ ਦੇ ਕਤਲ ਦੇ ਦੋਸ਼ 'ਚ ਫੜੇ ਗਏ ਦੋਸ਼ੀਆਂ ਦੀ ਵਕਾਲਤ ਕਰਨ ਦੇ ਮੁੱਦੇ 'ਤੇ ਕਿਹਾ ਕਿ ਅੱਜ ਹਰ ਬੁਰੇ ਕੰਮ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਂ ਆ ਰਹੇ ਹਨ। ਉਨ੍ਹਾਂ ਸੁਖਪਾਲ ਖਹਿਰਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਖਹਿਰਾ ਨਸ਼ੇ ਦੇ ਧੰਦੇ ਦਾ ਮਾਸਟਰ ਮਾਈਂਡ ਹੈ, ਜਿਸ ਨੂੰ ਅਦਾਲਤ ਨੇ ਵੀ ਸੰਮਨ ਭੇਜ ਦਿੱਤਾ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਨਸ਼ੇ ਦਾ ਕਾਰੋਬਾਰ ਆਮ ਆਦਮੀ ਪਾਰਟੀ ਕਰ ਰਹੀ ਹੈ।
ਇਸੇ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 'ਆਪ' ਤੇ ਕਾਂਗਰਸ ਸਰਕਾਰ 'ਤੇ ਹੱਲਾ ਬੋਲਦਿਆਂ ਦੋਵਾਂ ਪਾਰਟੀਆਂ ਨੂੰ ਦੋਗਲੀ ਪਾਰਟੀ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਪਾਰਟੀਆਂ ਦੀਆਂ ਦੋਗਲੀਆਂ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੀਆਂ ਹਨ। ਹਰਸਿਮਰਤ ਨੇ ਕਿਹਾ ਕਿ ਅੱਜ ਪੰਜਾਬ 'ਚ ਜੋ ਵੀ ਗੈਂਗ ਚਲ ਰਹੇ ਹਨ, ਉਸ ਦਾ ਕਾਰਨ ਸੂਬੇ 'ਚ ਕਾਨੂੰਨ ਵਿਵਸਥਾ ਵਿਵਸਥਾ ਖਰਾਬ ਹੋਣਾ ਹੈ। ਬੀਬੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜੋ ਮੁੱਖ ਮਤੰਰੀ ਆਪਣੇ ਸੂਬੇ ਦੀ ਜਨਤਾ ਨਾਲ ਮੁਲਾਕਾਤ ਨਹੀਂ ਕਰਦਾ, ਇਥੋਂ ਤਕ ਕਿ ਆਪਣੇ ਮੰਤਰੀਆਂ ਨਾਲ ਨਹੀਂ ਮਿਲਦਾ, ਉਸ ਦੇ ਕਾਰਜਕਾਲ 'ਚ ਕਾਨੂੰਨ ਵਿਵਸਥਾ ਕਿਵੇਂ ਸਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਇੰਨੀ ਤਰਸਯੋਗ ਹੋ ਚੁੱਕੀ ਹੈ ਕਿ ਮੰਤਰੀ ਠੱਗੀਆਂ ਦੇ ਰਾਹ ਤੁਰੇ ਹਨ ਤਾਂ ਗਰੀਬ ਕਿਸਾਨ ਖੁਦਕੁਸ਼ੀਆਂ ਦੇ ਰਾਹ। ਅੱਜ ਮੰਤਰੀ ਰੰਗਰਲੀਆਂ ਮਨਾਉਣ 'ਚ ਲੱਗੇ ਹੋਏ ਹਨ। ਸਰਕਾਰੀ ਸਕੂਲਾਂ ਦੀ ਹਾਲਤ ਇੰਨੀ ਬੁਰੀ ਹੋ ਚੁੱਕੀ ਹੈ ਕਿ ਅੱੱਧੇ ਤੋਂ ਵੱਧ ਸੈਸ਼ਨ ਬੀਤ ਜਾਣ ਦੇ ਬਾਵਜੂਦ ਵਿਦਿਆਰਥੀਆਂ ਨੂੰ ਕਿਤਾਬਾਂ ਤਕ ਮੁਹੱਈਆ ਨਹੀਂ ਹੋ ਸਕੀਆਂ ਹਨ। ਇਨ੍ਹਾਂ ਮੁੱਦਿਆਂ ਤੋਂ ਇਲਾਵਾ ਜਦੋਂ ਬਾਦਲ ਜੋੜੇ ਕੋਲੋਂ ਸੰਤ ਢੱਡਰੀਆਂਵਾਲੇ ਦੇ ਮਾਮਲੇ 'ਚ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। 


Related News