ਰਾਸ਼ਟਰੀ ਪੱਧਰ ''ਤੇ ਕਾਂਗਰਸ ਨਾਲ ਇਕੱਠੇ ਹੋਣਾ ''ਆਪ'' ਲਈ ਪੰਜਾਬ ''ਚ ਰਿਹਾ ਘਾਤਕ!
Friday, Jun 07, 2024 - 11:53 AM (IST)
ਪਠਾਨਕੋਟ (ਸ਼ਾਰਦਾ)- 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਏ ਨਤੀਜਿਆਂ ’ਤੇ ਭਾਵੇਂ ਲੋਕ ਖੁਸ਼ੀ ਪ੍ਰਗਟ ਕਰ ਰਹੇ ਹਨ ਪਰ ਐਪਸਲੂਟ ਪਾਵਰ ਨਾ ਮਿਲ ਪਾਉਣਾ ਲੋਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਰਾਸ਼ਟਰੀ ਅਤੇ ਪੰਜਾਬ ਪੱਧਰ ’ਤੇ ਸੱਤਾਧਾਰੀ ਦਲ ਨੂੰ ਇਨ੍ਹਾਂ ਚੋਣਾਂ ਦੇ ਨਤੀਜਿਆਂ ’ਚ ਕੁਝ ਨਾ ਕੁਝ ਝਟਕਾ ਜ਼ਰੂਰ ਲੱਗਾ ਹੈ। ਚੋਣਾਂ ਦਾ ਵਿਸ਼ਲੇਸ਼ਣ ਸ਼ੁਰੂ ਹੋ ਚੁੱਕਾ ਹੈ ਪਰ ਕੁਝ ਤੱਥ ਉਭਰ ਕੇ ਸਾਹਮਣੇ ਆਏ ਹਨ ਕਿ ਪੰਜਾਬ ’ਚ ਆਮ ਆਦਮੀ ਪਾਰਟੀ 13-0 ਦੇ ਟੀਚੇ ਨੂੰ ਕਿਉਂ ਨਹੀਂ ਪ੍ਰਾਪਤ ਕਰ ਸਕੀ ਅਤੇ 7 ਸੀਟਾਂ ਜਿੱਤ ਕੇ ਕਾਂਗਰਸ ਖੁੱਦ ਨੂੰ 7ਵੇਂ ਆਸਮਾਨ ’ਤੇ ਮਹਿਸੂਸ ਕਰ ਰਹੀ ਹੈ। ਉਪਰੋਂ ਚੰਡੀਗੜ੍ਹ ਦੀ ਸੀਟ ਮਿਲਣਾ ਕਾਂਗਰਸ ਲਈ ਇਕ ਵੱਡਾ ਸੁੱਖ ਵਾਲਾ ਪਲ ਹੈ। ਹਰਿਆਣਾ ’ਚ ਵੀ ਕਾਂਗਰਸ ਦੀਆਂ 5 ਸੀਟਾਂ ਆ ਗਈਆਂ ਹਨ। ਅਜਿਹੀ ਹਾਲਤ ’ਚ ਕਾਂਗਰਸ ਆਪਣਾ ਸੁਨਹਿਰਾ ਭਵਿੱਖ ਦੇਖ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਨਵੀਂ ਨੌਕਰੀ ਦੀ ਪੇਸ਼ਕਸ਼!
ਕਾਂਗਰਸ-‘ਆਪ’ ਦੇ ਰਾਸ਼ਟਰੀ ਪੱਧਰ ਦੇ ਗੱਠਜੋੜ ਦੇ ਮਾਇਨੇ
ਚੋਣਾਂ ਦੇ ਨਤੀਜਿਆਂ ਤੋਂ ਸਾਫ ਹੈ ਕਿ ਕਾਂਗਰਸ ਅਤੇ ‘ਆਪ’ ਦੇ ਰਾਸ਼ਟਰੀ ਪੱਧਰ ’ਤੇ ਜੋ ਗੱਠਜੋੜ ਹੋਇਆ ਹੈ, ਉਸ ’ਚੋਂ ਜ਼ਿਆਦਾ ਲਾਭ ਕਾਂਗਰਸ ਨੂੰ ਮਿਲਿਆ ਹੈ। ਇੰਡੀਆ ਗੱਠਜੋੜ ’ਚ ‘ਆਪ’ ਦੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਮੀਟਿੰਗਾਂ ’ਚ ਹਿੱਸਾ ਲੈਂਦੇ ਰਹੇ ਹਨ ਅਤੇ ਰਾਹੁਲ ਗਾਂਧੀ ਬਾਕੀ ਆਗੂਆਂ ਨਾਲ ਗੱਲਬਾਤ ਕਰਦੇ ਰਹੇ ਹਨ। ਨਤੀਜੇ ਵਜੋਂ ਦਿੱਲੀ ਦੀਆਂ 7 ਸੀਟਾਂ ’ਤੇ ਅਤੇ ਹਰਿਆਣਾ ’ਚ ਕਾਂਗਰਸ-‘ਆਪ’ ਦਾ ਗੱਠਜੋੜ ਹੋਇਆ ਅਤੇ ਇਹ ਗੱਠਜੋੜ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਲਾਗੂ ਰਿਹਾ ਪਰ ਪੰਜਾਬ ’ਚ ਇਕ ਫ੍ਰੈਂਡਲੀ ਮੈਚ ਹੋਇਆ। ਜਿਸ ’ਚ ‘ਆਪ’ ਅਤੇ ਕਾਂਗਰਸ ਦੋਵਾਂ ਨੇ ਆਹਮੋ-ਸਾਹਮਣੇ ਚੋਣ ਲੜੀ। ਚੋਣਾਂ ’ਚ 6 ਮਹੀਨੇ ਪਹਿਲਾਂ ਹੀ ਇੰਡੀਆ ਗੱਠਜੋੜ ਦੇ ਬਣਦੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਪੰਜਾਬ ਵਿਚ ਲਗਭੱਗ ਫ੍ਰੀ ਹੈਂਡ ਦੇ ਦਿੱਤਾ। ਜਾਂਚ ਏਜੰਸੀਆਂ ਪੂਰੀ ਤਰ੍ਹਾਂ ਨਾਲ ਕਾਂਗਰਸ ਪ੍ਰਤੀ ਸੋਫਟ ਹੋ ਗਈਆਂ ਅਤੇ ਇਨ੍ਹਾਂ 8-10 ਮਹੀਨਿਆਂ ਵਿਚ ਕਾਂਗਰਸ ਨੂੰ ਖੁੱਲ੍ਹ ਕੇ ਪੰਜਾਬ ਵਿਚ ਕੰਮ ਕਰਨ ਦਾ ਮੌਕਾ ਮਿਲ ਗਿਆ। ਨਤੀਜੇ ਵਜੋਂ ਕਾਂਗਰਸ ਮਜ਼ਬੂਤ ਹੁੰਦੀ ਗਈ ਅਤੇ ਹੁਣ ਨਤੀਜੇ ਸਾਰਿਆਂ ਦੇ ਸਾਹਮਣੇ ਹਨ।
‘ਆਪ’ ਆਗੂਆਂ ਨੇ ਚੋਣਾਂ ’ਚ ਕਾਂਗਰਸ ਪ੍ਰਤੀ ਬਣਾਏ ਰੱਖੀ ਰਹੱਸਮਈ ਚੁੱਪੀ
ਪੰਜਾਬ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਸੀ ਪਰ ਫਿਰ ਵੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪੱਧਰ ਦੇ ਆਗੂਆਂ ਨੇ ਕਾਂਗਰਸ ਦੇ ਬਾਰੇ ’ਚ ਟਿਪਣੀ ਕਰਨ ਤੋਂ ਗੁਰੇਜ਼ ਕੀਤਾ ਅਤੇ ਜ਼ਿਆਦਾਤਰ ਹਮਲਾ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ’ਤੇ ਰੱਖਿਆ। ਜਿਸ ਨਾਲ ਮੁੱਖ ਮੁਕਾਬਲਾ ਸੀ ਉਸ ਨੂੰ ਤਾਂ ਟਾਰਗੇਟ ਕਰਨਾ ‘ਆਪ’ ਲਈ ਅਾਸਾਨ ਨਹੀਂ ਸੀ। ਦੂਜੇ ਪਾਸੇ ਕਾਂਗਰਸ ਦੇ ਸਥਾਨਕ ਦਿੱਗਜ ਆਗੂ ਸ਼ੁਰੂ ਤੋਂ ਹੀ ‘ਆਪ’ ਸਰਕਾਰ ’ਤੇ ਪੂਰਾ ਹਮਲਾ ਕਰਦੇ ਰਹੇ। ਉਨ੍ਹਾਂ ਇਹ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਪ ਨੂੰ ਵੋਟ ਦੇਣਾ ਕਿਸੇ ਵੀ ਤਰ੍ਹਾਂ ਨਾਲ ਫਾਇਦੇ ਵਿਚ ਨਹੀਂ ਹੈ ਕਿਉਂਕਿ ਪ੍ਰਧਾਨ ਮੰਤਰੀ ਤਾਂ ਰਾਹੁਲ ਗਾਂਧੀ ਨੇ ਬਣਨਾ ਹੈ ਤਾਂ ਇਨ੍ਹਾਂ ਦਾ ਵੋਟ ਵੀ ਗੱਠਜੋੜ ਸਰਕਾਰ ਨੂੰ ਹੀ ਜਾਣਾ ਹੈ। ਇਸ ਲਈ ਤੁਸੀਂ ਸਿੱਧਾ ਵੋਟ ਕਾਂਗਰਸ ਨੂੰ ਹੀ ਦੇਵੋ, ਜਿਸ ਦਾ ਵੋਟਰਾਂ ’ਤੇ ਕਾਫੀ ਪ੍ਰਭਾਵ ਰਿਹਾ। ਕੁਝ ਸੀਟਾਂ ’ਤੇ ਜਿਥੇ ਸਖ਼ਤ ਮੁਕਾਬਲਾ ਸੀ, ਉਹ ਅਖੀਰ ਕਾਂਗਰਸ ਦੇ ਪੱਖ ਵਿਚ ਚਲੀਆਂ ਗਈਆਂ। ਕਾਂਗਰਸ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦਾ ਇਸਤੇਮਾਲ ਕਰਨ ਵਿਚ ਸਫਲ ਰਹੀ। ਕਾਂਗਰਸ ਨੂੰ ਹਰਿਆਣਾ ਵਿਚ ਵੀ ਆਪ ਕੇਡਰ ਦਾ ਭਰਪੂਰ ਫਾਇਦਾ ਹੋਇਆ ਅਤੇ ਚੰਡੀਗੜ੍ਹ ਦੀ ਸੀਟ ਤਾਂ ਆਪ ਦੇ ਪੂਰਨ ਸਹਿਯੋਗ ਨਾਲ ਹੀ ਜਿੱਤੀ ਗਈ। ਜਿੱਥੇ ਮਾਰਜਨ ਸਿਰਫ 2500 ਵੋਟਾਂ ਦਾ ਸੀ।
ਦਿੱਲੀ ਦੀ ਹਾਰ ਦਾ ਠੀਕਰਾ ਵੀ ਹੁਣ ਕਾਂਗਰਸੀ ਭੰਨ ਰਹੇ ਹਨ ਆਪ ’ਤੇ
ਐੱਲ. ਓ. ਪੀ. ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨਾ ਸਾਨੂੰ ਬਹੁਤ ਮਹਿੰਗਾ ਪਿਆ ਹੈ। ਜੇਕਰ ਅਸੀਂ ਇਹ ਗੱਠਜੋੜ ਨਾ ਕਰਦੇ ਤਾਂ ਸਾਡੀਆਂ ਉਥੇ 3-4 ਸੀਟਾਂ ਪੱਕੀਆਂ ਸਨ। ਜਿਵੇਂ ਪੰਜਾਬ ਵਿਚ 7, ਹਰਿਆਣਾ ਵਿਚ 5 ਅਤੇ ਰਾਜਸਥਾਨ ਵਿਚ 8 ਸੀਟਾਂ ਅਸੀਂ ਜਿੱਤੀਆਂ ਹਨ, ਇਸੇ ਤਰ੍ਹਾਂ ਅਸੀਂ ਯੂ. ਪੀ. ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਦਿੱਲੀ ਵਿਚ ਹਾਰ ਦਾ ਕਾਰਨ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੈ ਅਤੇ ਅਸੀਂ ਹਾਈਕਮਾਨ ਨੂੰ ਇਸ ਦੇ ਬਾਰੇ ਵਿਚ ਸੁਚੇਤ ਵੀ ਕੀਤਾ ਸੀ।
ਹੁਣ ਜਦੋਂ ਕਿ ਕਾਂਗਰਸ ਇਕ ਵੱਡੀ ਰਾਜਨੀਤਿਕ ਫੋਰਸ ਬਣ ਚੁੱਕੀ ਹੈ ਅਤੇ ਆਪ ਦੇ ਕੋਲ ਸਿਰਫ 3 ਹੀ ਐੱਮ. ਪੀ. ਹਨ। ਅਜਿਹੀ ਸਥਿਤੀ ਵਿਚ ਹੁਣ ਕਾਂਗਰਸ ਨੂੰ ਆਮ ਆਦਮੀ ਪਾਰਟੀ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਚਾਹੇ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਵੋਟ ਸ਼ੇਅਰ ਲਗਭਗ ਬਰਾਬਰ ਹੈ ਪਰ 7 ਸੀਟਾਂ ਜਿੱਤ ਕੇ ਕਾਂਗਰਸ 2027 ਲਈ ਆਪਣੀ ਰਾਜਨੀਤਿਕ ਗਤੀਵਿਧੀਆਂ ਤੇਜ਼ ਕਰਨ ਵਿਚ ਲੱਗ ਗਈ ਹੈ। 2027 ਵਿਚ ਪੰਜਾਬ ਵਿਚ ਸੱਤਾ ’ਚ ਆਉਣਾ ਅਤੇ ਆਮ ਆਦਮੀ ਪਾਰਟੀ ਨੂੰ ਉਖਾੜ ਸੁੱਟਣਾ ਕਾਂਗਰਸ ਦਾ ਟੀਚਾ ਹੈ, ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਵਿਚ ਖੇਡ ਕਾਂਗਰਸ ਨੇ ਕੀਤੀ ਹੈ, ਉਹ ਉਸ ਦੀ ਰਾਜਨੀਤਿਕ ਸੋਚ ਸਮਝ ਅਤੇ ਪਲਾਨਿੰਗ ਦਾ ਨਤੀਜਾ ਹੈ।
ਇਹ ਖ਼ਬਰ ਵੀ ਪੜ੍ਹੋ - ਭਾਜਪਾ ਨੇ ਪੰਜਾਬ ਲਈ ਖਿੱਚੀ 2027 ਦੀ ਤਿਆਰੀ, ਇਸ ਆਗੂ 'ਤੇ ਖੇਡਿਆ ਜਾ ਸਕਦੈ ਭਵਿੱਖ ਦਾ ਪੱਤਾ!
ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਖੁੱਲ੍ਹਾ ਮੈਦਾਨ ਮਿਲ ਗਿਆ ਅਤੇ ਜੇਕਰ ਕੁਝ ਈ. ਡੀ. ਅਤੇ ਇਨਕਮ ਟੈਕਸ ਵੱਲੋਂ ਰੇਡਾਂ ਵੀ ਹੋਈਆਂ, ਜਿਸ ’ਚ ਬਟਾਲਾ ਅਤੇ ਰੋਪੜ ਦੀ ਰੇਡ ਸ਼ਾਮਲ ਹੈ, ਦਾ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਨਹੀਂ ਹੋਇਆ ਅਤੇ ਕਾਂਗਰਸ ਹੋਰ ਵੀ ਮਜ਼ਬੂਤ ਹੋ ਕੇ ਨਿਕਲੀ। ਕਿਉਂਕਿ ਮੁਕਾਬਲਾ ਤਾਂ ਕਾਂਗਰਸ ਅਤੇ ਆਪ ਦਾ ਸੀ ਨਾ ਕਿ ਕਾਂਗਰਸ ਅਤੇ ਭਾਜਪਾ ਦਾ। ਆਉਣ ਵਾਲੇ ਸਮੇਂ ਵਿਚ ਰਾਜਨੀਤਿਕ ਹਲਾਤ ਕਾਫੀ ਰੌਚਕ ਬਣਨ ਵਾਲੇ ਹਨ।
7 ਸੀਟਾਂ ਜਿੱਤਣ ਤੋਂ ਬਾਅਦ ਹੁਣ ਪ੍ਰਸ਼ਾਸਨ ਵੀ ਹਲਕੇ ’ਚ ਨਹੀਂ ਲੈ ਸਕਦਾ ਕਾਂਗਰਸ ਨੂੰ
ਕੋਈ ਸ਼ੱਕ ਨਹੀਂ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਰਕਾਰ ਖੁਦ ਨੂੰ ਦੁਬਾਰਾ ਸਥਾਪਿਤ ਕਰਨ ਅਤੇ ਆਪਣੇ ਖੋ ਚੁੱਕੇ ਰਾਜਨੀਤਿਕ ਵੋਟ ਬੈਂਕ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਜ਼ੋਰ ਸ਼ੋਰ ਨਾਲ ਕੰਮ ਕਰੇਗੀ ਪਰ ਜਿਸ ਤਰ੍ਹਾਂ ਨਾਲ 7 ਸੀਟਾਂ ਜਿੱਤ ਕੇ ਕਾਂਗਰਸ ਪੰਜਾਬ ਵਿਚ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਹੁਣ ਪ੍ਰਸ਼ਾਸਨ ਕਾਂਗਰਸ ਨੂੰ ਹਲਕੇ ’ਚ ਨਹੀਂ ਲੈ ਸਕਦਾ। 2027 ਵਿਚ ਕਾਂਗਰਸ ਦੇ ਦੁਬਾਰਾ ਵਾਪਸ ਆਉਣ ਦੀਆਂ ਸੰਭਾਵਨਾਵਾਂ ਦੇ ਚੱਲਦਿਆਂ ਪ੍ਰਸ਼ਾਸਨਿਕ ਲੋਕ ਵੀ ਖੁੱਲ੍ਹ ਕੇ ਕਾਂਗਰਸੀ ਆਗੂਆਂ ’ਤੇ ਦਬਾਅ ਬਣਾਉਣ ਦੀ ਹਾਲਤ ’ਚ ਨਹੀਂ ਹਨ। ਇਨ੍ਹਾਂ ਚੋਣਾਂ ਵਿਚ ਕਾਂਗਰਸ ਨੇ ਇੰਡੀਆ ਗੱਠਜੋੜ ਦਾ ਹਿੱਸਾ ਬਣ ਕੇ ਬਹੁਤ ਕੁਝ ਪਾਇਆ ਹੈ, ਉਥੇ ਹੀ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਜੁੜ੍ਹ ਕੇ ਆਪਣਾ ਨੁਕਸਾਨ ਕਰਵਾਈ ਗਈ ਅਤੇ ਉਨ੍ਹਾਂ ਨੂੰ ਕੋਈ ਰਾਜਨੀਤਿਕ ਫਾਇਦਾ ਨਹੀਂ ਹੋਇਆ। ਹੁਣ ਉਨ੍ਹਾਂ ਨੂੰ ਦੁਬਾਰਾ ਮਿਹਨਤ ਨਾਲ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਸਣੇ 2 ਨਵੇਂ ਲੋਕ ਸਭਾ ਮੈਂਬਰ ਜੇਲ੍ਹ 'ਚ ਬੰਦ, ਕੀ ਹੋਵੇਗੀ ਅਗਲੀ ਪ੍ਰਕੀਰਿਆ? ਜਾਣੋ ਕਾਨੂੰਨ
ਦੇਖਣ ਨੂੰ ਭਾਵੇਂ ਦੋ ਸਾਲ ਦਾ ਸਮਾਂ ਹੈ ਪਰ 2027 ਕਦੋਂ ਆ ਜਾਵੇਗੀ ਇਸ ਦਾ ਪਤਾ ਵੀ ਨਹੀਂ ਚੱਲੇਗਾ। ਹੁਣ ਕਾਂਗਰਸ ਪਾਣੀ ਪੀ ਪੀ ਕੇ ਆਮ ਆਦਮੀ ਪਾਰਟੀ ਨੂੰ ਕੋਸੇਗੀ ਅਤੇ ਆਪਣਾ ਆਧਾਰ ਹੋਰ ਮਜ਼ਬੂਤ ਕਰ ਕੇ ਪੰਜਾਬ ਵਿਚ ਵਿਕਲਪ ਬਣੇਗੀ। ਕਿਉਂਕਿ ਕਾਂਗਰਸ ਦੇ ਦਿੱਗਜ ਆਗੂ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ, ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ ਆਦਿ ਹੁਣ ਲੋਕ ਸਭਾ ’ਚ ਗਰਜਨਗੇ ਅਤੇ ਪੰਜਾਬ ’ਚ ਵੀ ਆਮ ਆਦਮੀ ਪਾਰਟੀ ਦਾ ਡੱਟ ਕੇ ਮੁਕਾਬਲਾ ਕਰਨਗੇ। ਕੁਝ ਮਹੀਨੇ ਬਾਅਦ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਹੋਣਗੀਆਂ, ਉੱਥੇ ਵੀ ਹੁਣ ਕਾਂਗਰਸ ਅਤੇ ‘ਆਪ’ ਦਾ ਇਕੱਠਾ ਰਹਿਣਾ ਸੰਭਵ ਨਹੀਂ ਲੱਗਦਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8