ਖੁਦਕੁਸ਼ੀ ਦੀ ਕਹਾਣੀ ਰਚਣ ਵਾਲੇ ਨੌਜਵਾਨ ਵਿਰੁੱਧ ਕਾਰਵਾਈ ਦੀ ਮੰਗ
Saturday, Sep 09, 2017 - 12:00 PM (IST)
ਫ਼ਰੀਦਕੋਟ (ਹਾਲੀ) - ਪਿੰਡ ਚਹਿਲ ਦੇ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕਹਾਣੀ ਰਚ ਕੇ ਪਿੰਡ ਚਹਿਲ ਦੇ 3 ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਪੁਲਸ 'ਤੇ ਦਬਾਅ ਪਾ ਕੇ ਕਾਰਵਾਈ ਕਰਵਾਉਣ ਵਿਰੁੱਧ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਵੱਲੋਂ ਕਾਂਗਰਸੀ ਆਗੂ ਧਨਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਜ਼ਿਲਾ ਪੁਲਸ ਮੁਖੀ ਨੂੰ ਮੰਗ-ਪੱਤਰ ਦਿੱਤਾ ਗਿਆ।
ਮੰਗ-ਪੱਤਰ ਵਿਚ ਉਨ੍ਹਾਂ ਮੰਗ ਕੀਤੀ ਕਿ ਪਿੰਡ ਚਹਿਲ ਦੇ ਨੌਜਵਾਨ ਮਨਪ੍ਰੀਤ ਸਿੰਘ ਵੱਲੋਂ ਬੀਤੀ 3 ਜੁਲਾਈ ਨੂੰ ਸਾਜ਼ਿਸ਼ ਰਚਦੇ ਹੋਏ ਨਹਿਰ 'ਚ ਛਾਲ ਮਾਰ ਕੇ ਕੀਤੇ ਗਏ ਖੁਦਕੁਸ਼ੀ ਦੇ ਡਰਾਮੇ ਤੋਂ ਬਾਅਦ ਉਸ ਦੇ ਪਿਤਾ ਦੇ ਬਿਆਨਾਂ 'ਤੇ ਪਿੰਡ ਦੇ 3 ਨੌਜਵਾਨਾਂ ਵਿਰੁੱਧ ਦਰਜ ਕੀਤੇ ਗਏ ਪਰਚੇ ਨੂੰ ਤੁਰੰਤ ਰੱਦ ਕਰਦੇ ਹੋਏ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਮਨਪ੍ਰੀਤ ਅਤੇ ਉਸ ਦੇ ਪਰਿਵਾਰ ਵਿਰੁੱਧ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਵੱਲੋਂ ਵਫ਼ਦ ਨੂੰ ਭਰੋਸਾ ਦਿਵਾਇਆ ਗਿਆ ਕਿ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿਰੁੱਧ ਦਰਜ ਕੀਤਾ ਗਿਆ ਮੁਕੱਦਮਾ ਰੱਦ ਕਰਨ ਦੀ ਕਵਾਇਦ ਆਰੰਭ ਕਰ ਦਿੱਤੀ ਗਈ ਹੈ ਅਤੇ ਖੁਦਕੁਸ਼ੀ ਦਾ ਨਾਟਕ ਕਰ ਕੇ ਪੁਲਸ ਨੂੰ ਗਲਤ ਸੂਚਨਾ ਦੇਣ ਦੇ ਦੋਸ਼ਾਂ ਤਹਿਤ ਕਸੂਰਵਾਰ ਵਿਰੁੱਧ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਮੌਕੇ ਬਲਵੰਤ ਸਿੰਘ ਸਰਪੰਚ ਭਾਣਾ, ਜਗਸੀਰ ਸਿੰਘ ਖਾਲਸਾ, ਗਮਦੂਰ ਸਿੰਘ, ਗੁਰਮੇਲ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ, ਲੱਖਾ ਸਿੰਘ ਅਤੇ ਜਤਿੰਦਰ ਸਿੰਘ ਚਹਿਲ ਵੀ ਹਾਜ਼ਰ ਸਨ।
