ਪੰਜਾਬ ਕਾਂਗਰਸ ''ਚ ਹਲਚਲ! ਸਾਬਕਾ ਪ੍ਰਧਾਨ ਵੱਲੋਂ ਚਰਨਜੀਤ ਚੰਨੀ ਖ਼ਿਲਾਫ਼ ਕਾਰਵਾਈ ਦੀ ਮੰਗ
Wednesday, Jan 21, 2026 - 02:13 PM (IST)
ਖੰਨਾ (ਵਿਪਨ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਵਾਦਤ ਬਿਆਨ ਨੇ ਕਾਂਗਰਸ ਪਾਰਟੀ ਦੇ ਅੰਦਰ ਸਿਆਸੀ ਹਲਚਲ ਹੋਰ ਤੇਜ਼ ਕਰ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਚੰਨੀ 'ਤੇ ਤਿੱਖਾ ਹਮਲਾ ਬੋਲਿਆ ਹੈ ਤੇ ਹਾਈਕਮਾਨ ਨੂੰ ਸਖ਼ਤ ਐਕਸ਼ਨ ਲੈਣ ਦੀ ਅਪੀਲ ਵੀ ਕੀਤੀ ਹੈ। ਦੂਲੋ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਅਜਿਹੇ ਬਿਆਨ ਕਾਂਗਰਸ ਦੀ ਵਿਚਾਰਧਾਰਾ ਦੇ ਵਿਰੁੱਧ ਹਨ ਅਤੇ ਪਾਰਟੀ ਨੂੰ ਕਾਫ਼ੀ ਨੁਕਸਾਨ ਪਹੁੰਚਾਉਣਗੇ।
ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਖੁਦ ਦਲ ਬਦਲ ਕੇ ਕਾਂਗਰਸ ਪਾਰਟੀ ਵਿਚ ਆਏ ਹਨ, ਜਿਹੜੇ ਵਿਅਕਤੀ ਨੇ ਆਪਣੇ ਰਾਜਨੀਤਿਕ ਕਰੀਅਰ ਵਿਚ ਕਈ ਵਾਰ ਪਾਰਟੀਆਂ ਬਦਲੀਆਂ ਹਨ, ਉਸ ਦੀ ਸੋਚ ਤੇ ਵਿਚਾਰਧਾਰਾ ਕਦੇ ਵੀ ਕਾਂਗਰਸ ਵਰਗੀ ਸਮਾਵੇਸ਼ੀ ਦੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਚੰਨੀ ਦਾ ਮੁੱਖ ਮੰਤਰੀ ਬਣਨਾ ਕਿਸੇ ਲਾਟਰੀ ਤੋਂ ਘੱਟ ਨਹੀਂ ਸੀ, ਫਿਰ ਵੀ ਉਹ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇ ਕੇ ਪਾਰਟੀ ਦੇ ਅਕਸ ਨੂੰ ਵਿਗਾੜ ਰਹੇ ਹਨ। ਦੂਲੋ ਨੇ ਕਿਹਾ ਕਿ ਪੰਜਾਬ ਵਰਗੇ ਰਾਜ ਵਿਚ ਸਰਕਾਰ ਕਦੇ ਵੀ ਸਿਰਫ਼ ਜਾਤੀਵਾਦ ਦੇ ਆਧਾਰ 'ਤੇ ਨਹੀਂ ਬਣਾਈ ਜਾ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਜਾਤੀ ਗਣਿਤ ਦਿਖਾ ਕੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਪੰਜਾਬ ਦੀ ਸਮਾਜਿਕ ਏਕਤਾ ਲਈ ਖ਼ਤਰਨਾਕ ਹੈ। ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹਮੇਸ਼ਾ ਸਾਰੇ ਵਰਗਾਂ, ਜਾਤਾਂ ਅਤੇ ਭਾਈਚਾਰਿਆਂ ਨੂੰ ਅਪਣਾਉਣ ਦੀ ਰਹੀ ਹੈ, ਪਰ ਚੰਨੀ ਦਾ ਬਿਆਨ ਇਸ ਸੋਚ ਦੇ ਬਿਲਕੁਲ ਉਲਟ ਹੈ।
ਉਨ੍ਹਾਂ ਅੱਗੇ ਕਿਹਾ ਕਿ ਚੰਨੀ ਦਾ ਬਿਆਨ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਇਸ ਨੇ ਕਾਂਗਰਸ ਵਿਰੋਧੀਆਂ ਨੂੰ ਇਕ ਤਿਆਰ ਮੁੱਦਾ ਦਿੱਤਾ ਹੈ। ਅਜਿਹੇ ਸਮੇਂ ਜਦੋਂ ਪਾਰਟੀ ਨੂੰ ਇੱਕਜੁੱਟ ਹੋ ਕੇ ਜਨਤਕ ਮੁੱਦਿਆਂ ਲਈ ਲੜਨਾ ਚਾਹੀਦਾ ਹੈ, ਅਜਿਹੇ ਬਿਆਨ ਪਾਰਟੀ ਨੂੰ ਅੰਦਰੋਂ ਕਮਜ਼ੋਰ ਕਰਦੇ ਹਨ। ਸ਼ਮਸ਼ੇਰ ਸਿੰਘ ਦੂਲੋ ਨੇ ਮੰਗ ਕੀਤੀ ਕਿ ਕਾਂਗਰਸ ਹਾਈ ਕਮਾਂਡ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਆਗੂਆਂ ਨੂੰ ਸਮੇਂ ਸਿਰ ਨੱਥ ਨਾ ਪਾਈ ਗਈ ਤਾਂ ਪਾਰਟੀ ਨੂੰ ਚੋਣਾਂ ਵਿਚ ਨਤੀਜੇ ਭੁਗਤਣੇ ਪੈ ਸਕਦੇ ਹਨ। ਦੂਲੋ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਕਾਂਗਰਸ ਅਨੁਸ਼ਾਸਨ ਅਤੇ ਸਿਧਾਂਤਾਂ ਦੀ ਪਾਰਟੀ ਹੈ ਅਤੇ ਇਨ੍ਹਾਂ ਸਿਧਾਂਤਾਂ ਤੋਂ ਭਟਕਣ ਵਾਲੇ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਅਖ਼ੀਰ ਵਿਚ ਕਿਹਾ ਕਿ ਕਾਂਗਰਸ ਨੂੰ ਜਾਤੀਵਾਦ ਰਾਜਨੀਤੀ ਤੋਂ ਦੂਰ ਰਹਿ ਕੇ ਪੰਜਾਬ ਦੇ ਵਿਕਾਸ, ਭਾਈਚਾਰੇ ਅਤੇ ਜਨਤਕ ਭਲਾਈ ਦੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਤਾਂ ਹੀ ਪਾਰਟੀ ਦੁਬਾਰਾ ਮਜ਼ਬੂਤ ਹੋ ਕੇ ਉੱਭਰ ਸਕਦੀ ਹੈ।
