ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮਾਲਕ ਕਰਦਾ ਸੀ ਪਰੇਸ਼ਾਨ, ਨੌਜਵਾਨ ਨੇ ਫਾਹਾ ਲਗਾ ਦਿੱਤੀ ਜਾਨ

08/27/2017 9:04:54 PM

ਲੁਧਿਆਣਾ (ਰਿਸ਼ੀ)-ਗਊਸ਼ਾਲਾ ਰੋਡ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਪ੍ਰਿੰਸ ਅਰੋੜਾ ਉਰਫ ਸੰਨੀ ਵੱਲੋਂ ਆਪਣੇ ਮਾਲਕ ਤੋਂ ਲਏ ਪੈਸੇ ਨਾ ਮੋੜ ਸਕਣ ਕਾਰਨ ਸ਼ੁੱਕਰਵਾਰ ਨੂੰ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਪ੍ਰੀਤ ਇਲੈਕਟ੍ਰੋਨਿਕ ਦੇ ਮਾਲਕ ਰਮਨਦੀਪ ਸਿੰਘ ਅਤੇ ਉਸ ਦੇ ਸਾਲੇ ਗਿੰਨੀ ਖਿਲਾਫ ਦੇਰ ਰਾਤ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ, ਨਾਲ ਹੀ ਸ਼ਨੀਵਾਰ ਨੂੰ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਗਊਸ਼ਾਲਾ ਚੌਕ 'ਤੇ ਲਾਸ਼ ਰੱਖ ਕੇ ਕਈ ਘੰਟੇ ਪ੍ਰਦਰਸ਼ਨ ਕੀਤਾ। ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ.-1 ਰਤਨ ਸਿੰਘ ਬਰਾੜ, ਏ. ਸੀ. ਪੀ. ਸੈਂਟਰਲ ਮਨਦੀਪ ਸਿੰਘ, ਥਾਣਾ ਮੁਖੀ ਸੰਜੀਵ ਕਪੂਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕੀਤਾ।

PunjabKesari
ਸ਼ਨੀਵਾਰ ਦੁਪਹਿਰ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਗਭਗ 3 ਵਜੇ ਪਰਿਵਾਰ ਵਾਲੇ ਸ਼ਮਸ਼ਾਨਘਾਟ ਜਾਣ ਦੀ ਬਜਾਏ ਗਊਸ਼ਾਲਾ ਚੌਕ ਪੁੱਜ ਗਏ, ਜਿਥੇ ਉਨ੍ਹਾਂ ਨੇ  ਸੜਕ 'ਤੇ ਲਾਸ਼ ਰੱਖ ਕੇ ਕਈ ਘੰਟੇ ਪ੍ਰਦਰਸ਼ਨ ਕਰ ਕੇ ਦੋਸ਼ੀਆਂ ਦੀ ਗ੍ਰਿਤਫਾਰੀ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਵਿਚ ਪਤਨੀ ਰਿਚਾ, ਮਾਂ ਯੋਗਿਤਾ ਅਤੇ ਭਰਤ ਦਾ ਕਹਿਣਾ ਸੀ ਕਿ 1.5 ਲੱਖ ਰੁਪਏ ਦੇ ਲੈਣ-ਦੇਣ ਕਾਰਨ ਉਕਤ ਦੋਸ਼ੀ ਕਾਫੀ ਦਿਨਾਂ ਤੋਂ ਪ੍ਰਿੰਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਉਨ੍ਹਾਂ ਤੋਂ ਦੁਖੀ ਹੋ ਕੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ। ਉਕਤ ਦੋਸ਼ੀ ਬੀਤੇ ਦਿਨੀਂ ਉਨ੍ਹਾਂ ਦੇ ਘਰ ਆ ਕੇ ਜ਼ਬਰਦਸਤੀ ਐੱਲ. ਈ. ਡੀ. ਅਤੇ ਫਰਿੱਜ ਚੁੱਕ ਕੇ ਲੈ ਗਏ। ਇੰਨਾ ਹੀ ਨਹੀਂ, ਖਾਲੀ ਚੈੱਕਾਂ 'ਤੇ ਵੀ ਦਸਤਖ਼ਤ ਕਰਵਾ ਲਏ, ਜਿਸ ਤੋਂ ਬਾਅਦ ਪ੍ਰਿੰਸ ਪ੍ਰੇਸ਼ਾਨ ਰਹਿਣ ਲੱਗ ਪਿਆ। ਪੁਲਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਜਿਸ ਕਾਰਨ ਇਨਸਾਫ ਦੇ ਲਈ ਉਨ੍ਹਾਂ ਨੂੰ ਮਜਬੂਰਨ ਧਰਨਾ ਲਾਉਣਾ ਪੈ ਰਿਹਾ ਹੈ।
ਸੜਕ 'ਤੇ ਲੱਗਾ ਜਾਮ
ਦੁਪਹਿਰ 3 ਤੋਂ 5 ਵਜੇ ਤੱਕ ਪ੍ਰਦਰਸ਼ਨਕਾਰੀ ਡਟੇ ਰਹੇ, ਜਿਸ ਕਾਰਨ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਜਾਮ ਲੱਗ ਗਿਆ ਅਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ ਪੁਲਸ ਨੂੰ ਟ੍ਰੈਫਿਕ ਨੂੰ ਸੁਚਾਰੂ ਕਰਦੇ ਕਾਫੀ ਸਮਾਂ ਲੱਗ ਗਿਆ।


Related News