ਮੋਗਾ: ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ-ਮੁੰਡੇ ਨੇ ਕੀਤੀ ਆਤਮ-ਹੱਤਿਆ
Friday, Feb 07, 2020 - 12:22 PM (IST)
ਮੋਗਾ (ਗੋਪੀ ਰਾਊਕੇ, ਵਿਪਨ): ਪ੍ਰੇਮ ਸਬੰਧਾਂ ਦੇ ਚੱਲਦੇ ਇਕ ਨਹਿਰ ਦੇ ਕੋਲ ਕੁੜੀ-ਮੁੰਡੇ ਵਲੋਂ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਹਿਰ ਦੇ ਕੋਲ ਦੋਵਾਂ ਨੇ ਗਲੇ 'ਚ ਰੱਸੀ ਬੰਨ੍ਹ ਕੇ ਆਤਮ-ਹੱਤਿਆ ਕੀਤੀ। ਕੁੜੀ ਦੀ ਉਮਰ 18 ਸਾਲ ਅਤੇ ਮੁੰਡੇ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਰੱਖਤ 'ਤੇ ਕੁੜੀ-ਮੁੰਡੇ ਦੀ ਲਾਸ਼ ਲਟਕੀ ਹੋਈ ਹੈ, ਜਿਸ ਨੂੰ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਕਬਜ਼ੇ 'ਚ ਲੈ ਗਿਆ। ਡੀ.ਐੱਸ.ਪੀ ਨੇ ਕਿਹਾ ਕਿ ਲਾਸ਼ਾਂ ਨੂੰ ਵੈਰੀਫਾਈ ਕਰਨ ਦੇ ਬਾਅਦ ਪਤਾ ਲੱਗਿਆ ਕਿ ਲੜਕੀ ਦਾ ਨਾਂ ਨੇਹਾ ਗਰੋਵਰ ਹੈ ਜੋ ਕਿ ਮੋਗਾ ਦੇ ਪਿੰਡ ਬਧਨੀ ਕਲਾਂ ਦੀ ਰਹਿਣ ਵਾਲੀ ਸੀ ਅਤੇ ਉਮਰ 18 ਸਾਲ ਹੈ ਅਤੇ ਪਲਸ ਵਨ ਦੀ ਵਿਦਿਆਰਥਣ ਸੀ। ਮੁੰਡੇ ਦਾ ਨਾਂ ਹੈਪੀ ਸਿੰਘ ਹੈ ਜੋ ਆਪਣੇ ਨਾਨੇ ਦੇ ਕੋਲ ਰਹਿੰਦਾ ਸੀ। ਡੀ.ਐੱਸ.ਪੀ. ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਦੋਵਾਂ ਨੇ ਇਕ ਵੀਡੀਓ ਬਣਾਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਇਕ ਹੀ ਜਗ੍ਹਾ 'ਤੇ ਹੋਵੇ।
ਦੂਜੇ ਪਾਸੇ ਮ੍ਰਿਤਕ ਮੁੰਡੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ 'ਚ ਪ੍ਰੇਮ ਸਬੰਧ ਸਨ ਪਰ ਕੁੜੀ ਦਾ ਪਿਤਾ ਦੋਵਾਂ ਦੇ ਵਿਆਹ ਲਈ ਮਨ੍ਹਾਂ ਕਰ ਰਿਹਾ ਸੀ ਅਤੇ ਕੁੜੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮਰਨ ਤੋਂ ਪਹਿਲਾਂ ਜੋ ਵੀਡੀਓ ਬਣਾਈ ਹੈ ਉਸ ਦੇ ਬਾਰੇ 'ਚ ਉਨ੍ਹਾਂ ਨੂੰ ਕੁਝ ਨਹੀਂ ਪਤਾ। ਉਨ੍ਹਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ।