ਇਕ ਦਿਨ ’ਚ ਤਿੰਨ ਲੋਕਾਂ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕਾਂ ’ਚ 17 ਸਾਲਾ ਕੁੜੀ, ਮੁੰਡਾ ਤੇ ਏ. ਐੱਸ. ਆਈ. ਸ਼ਾਮਲ
Monday, Jul 24, 2023 - 06:30 PM (IST)
ਚੰਡੀਗੜ੍ਹ (ਸੁਸ਼ੀਲ) : ਸੈਕਟਰ-40 ਵਿਚ ਰਹਿਣ ਵਾਲੀ 17 ਸਾਲਾ ਵਿਦਿਆਰਥਣ ਨੇ ਐਤਵਾਰ ਸਵੇਰੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੇ ਬੇਟੀ ਨੂੰ ਫਾਹੇ ’ਤੇ ਲਟਕਿਆ ਵੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਵਿਦਿਆਰਥਣ ਨੂੰ ਫਾਹੇ ਤੋਂ ਉਤਾਰ ਕੇ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੂੰ ਘਟਨਾ ਸਥਾਨ ’ਤੇ ਖ਼ੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿਚ ਇਕ ਨੌਜਵਾਨ ਅਤੇ ਦੋ ਤੋਂ ਤਿੰਨ ਸਹੇਲੀਆਂ ਦੇ ਨਾਂ ਲਿਖੇ ਹਨ। ਨੌਜਵਾਨ ਉਸਨੂੰ ਤੰਗ ਕਰਦਾ ਸੀ ਅਤੇ ਕੁੱਟਮਾਰ ਕਰ ਚੁੱਕਿਆ ਸੀ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਸੈਕਟਰ-39 ਥਾਣਾ ਪੁਲਸ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਅਗਲੀ ਕਾਰਵਾਈ ਕਰੇਗੀ। ਥਾਣਾ ਪੁਲਸ ਨੂੰ ਐਤਵਾਰ ਸਵੇਰੇ ਸਾਢੇ 8 ਵਜੇ ਸੂਚਨਾ ਮਿਲੀ ਕਿ ਸੈਕਟਰ-40 ਦੇ ਇਕ ਮਕਾਨ ਵਿਚ 17 ਸਾਲਾ ਵਿਦਿਆਰਥਣ ਨੇ ਫਾਹਾ ਲਾ ਲਿਆ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਲੜਕੀ ਨੂੰ ਫਾਹੇ ਤੋਂ ਉਤਾਰ ਕੇ ਸੈਕਟਰ-16 ਜਨਰਲ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੌਕੇ ’ਤੇ ਫਾਰੈਂਸਿਕ ਮੋਬਾਇਲ ਟੀਮ ਨੂੰ ਬੁਲਾ ਕੇ ਘਟਨਾ ਸਥਾਨ ਦੀ ਜਾਂਚ ਕਰਵਾਈ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਵਧਾਈ ਚਿੰਤਾ
ਪਰਿਵਾਰ ਦੀ ਮੰਗ, ਬੇਟੀ ਨੂੰ ਤੰਗ ਕਰਨ ਵਾਲੇ ਨੌਜਵਾਨ ਖ਼ਿਲਾਫ ਮਾਮਲਾ ਦਰਜ ਕੀਤਾ ਜਾਵੇ
ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਐਤਵਾਰ ਸਵੇਰੇ ਜਲੰਧਰ ਵਿਚ ਬੇਟੇ ਦੀ ਚੰਡੀਗੜ੍ਹ ਪੁਲਸ ਦੀ ਲਿਖਤੀ ਪ੍ਰੀਖਿਆ ਸੀ। ਬੇਟੀ ਐਤਵਾਰ ਸਵੇਰੇ 3 ਵਜੇ ਉੱਠੀ ਅਤੇ ਭਰਾ ਨੂੰ ਪੇਪਰ ਦੇਣ ਲਈ ਭੇਜ ਕੇ ਆਪਣੇ ਕਮਰੇ ਵਿਚ ਚਲੀ ਗਈ। ਕਰੀਬ ਸਾਢੇ 8 ਵਜੇ ਤਕ ਵਿਦਿਆਰਥਣ ਕਮਰੇ ਤੋਂ ਬਾਹਰ ਨਹੀਂ ਆਈ। ਇਸ ’ਤੇ ਪਰਿਵਾਰ ਨੇ ਅੰਦਰ ਜਾ ਕੇ ਵੇਖਿਆ ਤਾਂ ਉਹ ਫਾਹੇ ਨਾਲ ਲਟਕ ਰਹੀ ਸੀ। ਮ੍ਰਿਤਕਾ 10ਵੀਂ ਕਲਾਸ ਤੋਂ ਬਾਅਦ ਸੈਕਟਰ-26 ਦੇ ਖਾਲਸਾ ਕਾਲਜ ਤੋਂ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਰਹੀ ਸੀ। ਉੱਥੇ ਹੀ ਪਿਤਾ ਪੀ. ਜੀ. ਆਈ. ਵਿਚ ਲੈਬ ਟੈਕਨੀਸ਼ੀਅਨ ਵਜੋਂ ਤਾਇਨਾਤ ਦੱਸੇ ਗਏ ਹਨ। ਪਰਿਵਾਰ ਨੇ ਮੰਗ ਕੀਤੀ ਹੈ ਕਿ ਬੇਟੀ ਨੂੰ ਤੰਗ ਕਰਨ ਵਾਲੇ ਨੌਜਵਾਨ ਖ਼ਿਲਾਫ ਮਾਮਲਾ ਦਰਜ ਕੀਤਾ ਜਾਵੇ। ਫਾਹਾ ਲਾਉਣ ਤੋਂ ਪਹਿਲਾਂ ਲੜਕੀ ਨੇ ਖੁਦਕੁਸ਼ੀ ਨੋਟ ਲਿਖਿਆ, ਜਿਸ ਵਿਚ ਤੰਗ ਕਰਨ ਵਾਲੇ ਨੌਜਵਾਨ ਦਾ ਨਾਂ ਵੀ ਲਿਖਿਆ ਹੈ। ਪੁਲਸ ਖ਼ੁਦਕੁਸ਼ੀ ਨੋਟ ਨੂੰ ਜਾਂਚ ਲਈ ਸੀ. ਐੱਫ. ਐੱਸ. ਐੱਲ. ਭੇਜੇਗੀ।
ਇਹ ਵੀ ਪੜ੍ਹੋ : ਪੁਲਸ ਨੇ ਟ੍ਰੈਪ ਲਗਾ ਕੇ ਗ੍ਰਿਫ਼ਤਾਰ ਕੀਤੇ ਸਕੇ ਭੈਣ-ਭਰਾ, ਕਾਰਨ ਜਾਣ ਹੋਵੋਗੇ ਹੈਰਾਨ
ਸੁਸਾਈਡ ਨੋਟ ’ਚ ਨਾਬਾਲਿਗ ਨੇ ਲਿਖਿਆ, ਮਰਜ਼ੀ ਨਾਲ ਕਰ ਰਿਹਾਂ ਆਤਮ-ਹੱਤਿਆ, ਕੋਈ ਜ਼ਿੰਮੇਵਾਰ ਨਹੀਂ
ਦੂਜੇ ਪਾਸੇ ਸੈਕਟਰ-19 ਸਥਿਤ ਸਰਕਾਰੀ ਮਾਡਲ ਸਕੂਲ ਦੇ 17 ਸਾਲਾ ਵਿਦਿਆਰਥੀ ਨੇ ਧਨਾਸ ਦੀ ਅਮਨ ਕਾਲੋਨੀ ਸਥਿਤ ਕਮਰੇ ਵਿਚ ਸ਼ੱਕੀ ਹਾਲਤ ਵਿਚ ਫਾਹਾ ਲੈ ਲਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਫਾਹੇ ਤੋਂ ਉਤਾਰਿਆ ਅਤੇ ਸੈਕਟਰ-16 ਜਨਰਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਨ ਐਲਾਨ ਦਿੱਤਾ। ਉਸਦੀ ਪਛਾਣ ਅੰਸ਼ੁਲ ਵਜੋਂ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿਚ ਨੌਜਵਾਨ ਨੇ ਲਿਖਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕਰ ਰਿਹਾ ਹੈ। ਇਸ ਵਿਚ ਕਿਸੇ ਦਾ ਕੋਈ ਦੋਸ਼ ਨਹੀਂ ਹੈ। ਸਾਰੰਗਪੁਰ ਥਾਣਾ ਪੁਲਸ ਮ੍ਰਿਤਕ ਦਾ ਫੋਨ ਖੰਘਾਲ ਕੇ ਖੁਦਕੁਸ਼ੀ ਦਾ ਕਾਰਨ ਜਾਣਨ ਵਿਚ ਲੱਗੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ 29 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ
ਏ. ਐੱਸ. ਆਈ. ਨੇ ਕੀਤੀ ਖ਼ੁਦਕੁਸ਼ੀ
ਸੈਕਟਰ-26 ਪੁਲਸ ਲਾਈਨ ਵਿਚ ਤਾਇਨਾਤ ਅਸਿਸਟੈਂਟ ਸਬ-ਇੰਸਪੈਕਟਰ (ਏ. ਐੱਸ. ਆਈ.) ਨੇ ਮੁਲਾਨਾ ਥਾਣੇ ਦੇ ਹਾਈਵੇ ’ਤੇ ਖ਼ੁਦਕੁਸ਼ੀ ਕਰ ਲਈ, ਜਿਸਦੀ ਪਛਾਣ ਰਾਕੇਸ਼ ਵਜੋਂ ਹੋਈ ਹੈ। ਉਸ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਪਤਨੀ ਸੰਤੋਸ਼ ਅਤੇ ਪਤਨੀ ਦੇ ਤਾਏ ਦੇ ਮੁੰਡੇ ਰਮੇਸ਼ ਨੂੰ ਦੱਸਿਆ ਹੈ। ਹਰਿਆਣਾ ਦੇ ਅੰਬਾਲਾ ਖੇਤਰ ਅਧੀਨ ਪੈਣ ਵਾਲੇ ਮੁਲਾਨਾ ਥਾਣੇ ਵਿਚ ਉਸ ਨੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪਾਣੀ ਦਾ ਪੱਧਰ ਵਧਣ ਕਾਰਣ ਭਾਖੜਾ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ, ਇਹ ਇਲਾਕੇ ਖਾਲ੍ਹੀ ਕਰਵਾਉਣ ਦੇ ਹੁਕਮ
ਸੈਕਟਰ-26 ਪੁਲਸ ਲਾਈਨ ’ਚ ਤਾਇਨਾਤ ਸੀ ਮ੍ਰਿਤਕ
ਜਾਣਕਾਰੀ ਅਨੁਸਾਰ ਏ. ਐੱਸ. ਆਈ. ਰਾਕੇਸ਼ ਕੁਮਾਰ ਸੈਕਟਰ-26 ਪੁਲਸ ਲਾਈਨ ਵਿਚ ਤਾਇਨਾਤ ਸੀ। ਉਹ ਮੂਲ ਰੂਪ ਤੋਂ ਹਰਿਆਣੇ ਦੇ ਸੋਨੀਪਤ ਦਾ ਰਹਿਣ ਵਾਲਾ ਹੈ। ਸ਼ਨੀਵਾਰ ਦੇਰ ਰਾਤ ਉਹ ਅੰਬਾਲਾ ਖੇਤਰ ਅਧੀਨ ਮੁਲਾਨਾ ਥਾਣਾ ਇਲਾਕੇ ਦੇ ਹਾਈਵੇ ਦੇ ਕੰਢੇ ਪਿਆ ਮਿਲਿਆ। ਇਸਦੀ ਸੂਚਨਾ ਕਿਸੇ ਨੇ ਮੁਲਾਨਾ ਥਾਣਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦਾ ਕਾਰਨ ਜ਼ਹਿਰ ਖਾਣਾ ਸੀ। ਪੁਲਸ ਨੂੰ ਮੋਟਰਸਾਈਕਲ ਦੀ ਡਿੱਗੀ ਵਿਚੋਂ ਇਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਪਤਨੀ ਅਤੇ ਪਤਨੀ ਦੇ ਤਾਏ ਦੇ ਮੁੰਡੇ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ ਕਿ ਇਸ ਪ੍ਰੇਸ਼ਾਨੀ ਕਾਰਨ ਉਹ ਖੁਦਕਸ਼ੀ ਕਰ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ 28 ਸਾਲਾ ਨੌਜਵਾਨ ਦੀ ਮੌਤ, ਕਾਰ ਦੀ ਛੱਤ ਦੇ ਨਾਲ 10 ਫੁੱਟ ਦੂਰ ਜਾ ਡਿੱਗੀ ਖੋਪੜੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8