ਕਰਜ਼ਾ ਮੁਆਫੀ ਦੀ ਸੂਚੀ ''ਚ ਨਾਂ ਨਾ ਆਉਣ ''ਤੇ ਇਕ ਹੋਰ ਨੇ ਲਿਆ ਫਾਹਾ

01/07/2018 6:41:12 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜ਼ਾ ਪਹਿਲ ਦੇ ਆਧਾਰ 'ਤੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਤੇ 9 ਮਹੀਨਿਆਂ ਬਾਅਦ ਕਈ ਸ਼ਰਤਾਂ ਲਾ ਕੇ ਕਿਸਾਨਾਂ ਦੇ ਨਾਵਾਂ ਵਾਲੀਆਂ ਸੂਚੀਆਂ ਜਾਰੀ ਵੀ ਕਰ ਦਿੱਤੀਆਂ ਤੇ ਕਿਹਾ ਗਿਆ ਕਿ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਗਿਆ ਹੈ ਪਰ ਇਸ ਸੂਚੀ 'ਚ ਵੀ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਈ ਕਿਸਾਨਾਂ ਦੇ ਨਾਂ ਨਹੀਂ ਆਏ, ਜਿਸ ਤੋਂ ਨਿਰਾਸ਼ ਹੋ ਕੇ ਕਿਸਾਨਾਂ ਨੇ ਮੁੜ ਖੁਦਕੁਸ਼ੀਆਂ ਦਾ ਰਸਤਾ ਅਪਣਾ ਲਿਆ ਹੈ।
ਇਸੇ ਤਰ੍ਹਾਂ ਦਾ ਇਕ ਮਾਮਲਾ ਪਿੰਡ ਭੋਤਨਾ ਵਿਖੇ ਸਾਹਮਣੇ ਆਇਆ, ਜਿਥੇ ਇਕ ਕਿਸਾਨ ਕੁਲਵੰਤ ਸਿੰਘ (43) ਪੁੱਤਰ ਨਾਹਰ ਸਿੰਘ ਨੇ ਬੀਤੀ ਰਾਤ ਫਾਹਾ ਲੈ ਲਿਆ। ਮ੍ਰਿਤਕ ਦੇ ਪੁੱਤਰ ਲਵਪ੍ਰੀਤ ਸਿੰਘ, ਭਰਾ ਬਲਵਿੰਦਰ ਸਿੰਘ, ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ 'ਤੇ ਆੜ੍ਹਤੀਆਂ ਤੇ ਬੈਂਕ ਦਾ 10 ਲੱਖ ਰੁਪਏ ਦਾ ਕਰਜ਼ਾ ਸੀ। ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਕੀਤੇ ਗਏ ਐਲਾਨ ਤੋਂ ਬਾਅਦ ਉਸ ਨੂੰ ਆਸ ਬੱਝੀ ਸੀ ਪਰ ਕਰਜ਼ਾ ਮੁਆਫੀ ਵਾਲੀ ਸੂਚੀ 'ਚ ਨਾਂ ਨਾ ਆਉਣ ਕਾਰਨ ਬੀਤੀ ਰਾਤ ਉਸ ਨੇ ਫਾਹਾ ਲੈ ਲਿਆ। ਜਗਜੀਤ ਸਿੰਘ ਨੇ ਕਿਹਾ ਕਿ ਬਲਵਿੰਦਰ ਸਿੰਘ ਦਾ ਨਾਂ ਵੀ ਸੂਚੀ 'ਚ ਨਹੀਂ ਹੈ। ਇਸ ਸੰਬੰਧੀ ਸਰਕਾਰ ਤੇ ਵਿਭਾਗ ਨੂੰ ਲਿਖ ਕੇ ਭੇਜਿਆ ਗਿਆ ਹੈ। ਜੇਕਰ ਸਰਕਾਰ ਨੇ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਪਤਾ ਨਹੀਂ ਕਿੰਨੇ ਹੀ ਘਰਾਂ 'ਤੇ ਇਹ ਕਹਿਰ ਵਰ੍ਹੇਗਾ। ਥਾਣਾ ਟੱਲੇਵਾਲ ਦੇ ਐੱਸ. ਐੱਚ. ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਪਾਲ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ।


Related News