ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

07/16/2018 1:55:40 PM

ਮੋਗਾ (ਆਜ਼ਾਦ) - ਪਿੰਡ ਢੁੱਡੀਕੇ ਦੇ ਆਟੋ ਚਾਲਕ ਗੁਰਪ੍ਰੀਤ ਸਿੰਘ (22) ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਮਹਿਣਾ ਦੇ ਇੰਚਾਰਜ ਇੰਸਪੈਕਟਰ ਦਿਲਬਾਗ ਸਿੰਘ ਅਤੇ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ। 
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਰਣਧੀਰ ਸਿੰਘ ਨਾਲ ਹੋਇਆ ਸੀ ਅਤੇ ਉਸ ਦਾ ਇਕ ਪੁੱਤਰ ਵੀ ਹੈ। 2018 ਅਪ੍ਰੈਲ ਦੇ ਮਹੀਨੇ ਉਨ੍ਹਾਂ ਦਾ ਆਪਸ 'ਚ ਝਗੜਾ ਹੋਣ ਕਾਰਨ ਉਸ ਦੀ ਪਤਨੀ ਪੇਕੇ ਚਲੀ ਗਈ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਸੀਂ ਅਤੇ ਸਾਡੇ ਪੁੱਤਰ ਨੇ ਕਈ ਵਾਰ ਉਸ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਅਸੀਂ ਇਸ ਸਬੰਧੀ ਵਿਚੋਲੇ ਨਾਲ ਵੀ ਗੱਲਬਾਤ ਕੀਤੀ ਪਰ ਉਸ ਨੇ ਸਾਡੀ ਇਕ ਨਾ ਸੁਣੀ।
ਲੜਕੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਆਪਣੀ ਪਤਨੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦੇ ਸਹੁਰੇ ਵਾਲੇ ਉਸ ਨੂੰ ਵਾਰ-ਵਾਰ ਸਬਕ ਸਿਖਾਉਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ। ਬੀਤੇ ਦਿਨ ਪਿੰਡ ਨੱਥੂਵਾਲਾ-ਡਾਲਾ ਸੜਕ 'ਤੇ ਸਾਡਾ ਪੁੱਤਰ ਨੀਮ ਬੇਹੋਸ਼ੀ ਹਾਲਤ 'ਚ ਮਿਲਿਆ, ਜਿਸ ਨੂੰ ਲੋਕਾਂ ਨੇ ਮੋਗਾ ਦੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਮਹਿਮਾ ਪੁਲਸ ਨੇ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨਾਂ 'ਤੇ ਉਸ ਦੀ ਪਤਨੀ, ਸੱਸ, ਸਾਲੇ, ਵਿਚੌਲੇ ਅਤੇ ਹੋਰਨਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News