ਕਰਜ਼ੇ ਦੇ ਮਾਰੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਲਾਇਆ ਮੌਤ ਨੂੰ ਗਲ

Saturday, Jun 16, 2018 - 07:17 AM (IST)

ਕਰਜ਼ੇ ਦੇ ਮਾਰੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਲਾਇਆ ਮੌਤ ਨੂੰ ਗਲ

ਤਪਾ ਮੰਡੀ(ਸ਼ਾਮ, ਗਰਗ)–ਪਿੰਡ ਧੌਲਾ ਦੇ ਕਰਜ਼ੇ ਹੇਠ ਦੱਬੇ ਇਕ ਕਿਸਾਨ ਨੇ ਖੇਤ ਦੀ ਮੋਟਰ ’ਤੇ ਜਾ ਕੇ ਜ਼ਹਿਰੀਲੀ  ਦਵਾਈ ਪੀ ਕੇ ਅਾਪਣੀ ਜੀਵਨ ਲੀਲਾ ਸਮਾਪਤ ਕਰ ਲਈ।  ਮ੍ਰਿਤਕ ਦੇ ਪਿਤਾ ਮਿੱਠੂ ਸਿੰਘ ਪੁੱਤਰ ਜੱਗਰ ਸਿੰਘ ਵਾਸੀ ਰੂਡ਼ਾ ਪੱਤੀ ਧੌਲਾ ਨੇ ਦੱਸਿਆ ਕਿ ਉਨ੍ਹਾਂ  ਦਾ ਪੁੱਤਰ ਭਲਵੰਤ ਸਿੰਘ ਸ਼ਾਮ ਦੇ ਸਮੇਂ ਖੇਤਾਂ  ਨੂੰ ਚਲਾ ਗਿਆ, ਜਦੋਂ ਕਾਫੀ ਸਮਾਂ ਘਰ  ਨਾ ਪਰਤਿਆ ਤਾਂ ਭਾਲ  ਕਰਨ  ’ਤੇ ਦੇਖਿਆ ਕਿ  ਉਹ ਤਾਂ ਮੋਟਰ ਕੋਲ ਮਰਿਆ ਪਿਆ ਸੀ, ਜਿਸ ਦੇ  ਮੂੰਹ  ’ਚੋਂ ਬਦਬੂ ਆ ਰਹੀ ਸੀ ਤੇ ਕੋਲ ਹੀ ਸਪਰੇਅ ਵਾਲੀ ਦਵਾਈ ਦੀ ਸ਼ੀਸ਼ੀ ਪਈ ਸੀ। ਮਿੱਠੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹਿੱਸੇ ਸਿਰਫ ਢਾਈ ਏਕਡ਼ ਦੇ ਕਰੀਬ ਜ਼ਮੀਨ ਸੀ। ਖਰਚਾ ਜ਼ਿਆਦਾ ਤੇ ਆਮਦਨ ਘੱਟ ਹੋਣ ਕਾਰਨ ਘਰ ਦਾ ਖਰਚ ਚਲਾਉਣਾ ਮੁਸ਼ਕਲ ਹੋਇਆ ਪਿਆ ਸੀ। ਹੁਣ ਉਨ੍ਹਾਂ ਕੋਲ ਸਿਰਫ 2 ਕਨਾਲ ਹੀ ਜ਼ਮੀਨ ਰਹਿ ਗਈ ਸੀ ਤੇ 5 ਲੱਖ ਰੁਪਏ ਦੇ ਕਰੀਬ ਬੈਂਕ, ਰਿਸ਼ਤੇਦਾਰਾਂ ਤੇ ਕਮੇਟੀਆਂ ਦਾ ਲੋਨ ਸਿਰ  ’ਤੇ ਸੀ, ਜਿਸ ਕਾਰਨ ਉਸ ਦਾ ਪੁੱਤਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਇਸੇ ਕਾਰਨ ਉਸ ਨੇ ਖੇਤ ’ਚ ਜਾ ਕੇ ਜ਼ਹਿਰੀਲੀ ਦਵਾਈ  ਪੀ  ਕੇ  ਆਤਮ-ਹੱਤਿਆ ਕਰ ਲਈ।  ਪਿੰਡ ਨਿਵਾਸੀਅਾਂ, ਭਾਕਿਯੂ ਦੇ ਆਗੂ ਬਲਜਿੰਦਰ ਸਿੰਘ ਤੇ ਗ੍ਰਾਮ ਪੰਚਾਇਤ ਨੇ ਸੂਬੇ ਦੀ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਕਿਸਨ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਤੇ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਘਟਨਾ ਦਾ ਪਤਾ ਲੱਗਦੇ ਹੀ ਐੱਸ. ਐੱਚ. ਓ.  ਰੂਡ਼ੇਕੇ ਕਲਾਂ ਮਨਜੀਤ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਮ੍ਰਿਤਕ ਦੇ ਪਿਤਾ ਮਿੱਠੂ ਸਿੰਘ ਦੇ ਬਿਆਨਾਂ ’ਤੇ ਧਾਰਾ 174 ਤਹਿਤ  ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਅਾਪਣੇ ਪਿੱਛੇ ਪਤਨੀ ਤੇ 4 ਸਾਲਾ ਲਡ਼ਕੀ ਨੂੰ ਛੱਡ ਗਿਆ ਹੈ।
 


Related News