ਪਿਤਾ ਨਾ ਬਣ ਸਕਣ ਤੋਂ ਨਿਰਾਸ਼ ਹੋਏ ਲੜਕੇ ਨੇ ਦਰੱਖਤ ਨਾਲ ਲਿਆ ਫਾਹਾ

Friday, Apr 20, 2018 - 07:01 AM (IST)

ਲੁਧਿਆਣਾ(ਮਹੇਸ਼)-ਪਿਤਾ ਨਾ ਬਣ ਸਕਣ ਤੋਂ ਨਿਰਾਸ਼ ਹੋਏ 24 ਸਾਲਾ ਇਕ ਲੜਕੇ ਨੇ ਦਰੱਖਤ ਨਾਲ ਫਾਹਾ ਲਾ ਕੇ ਜਾਨ ਦੇ ਦਿੱਤੀ। ਸੱਤ ਪ੍ਰਕਾਸ਼ ਦੀ ਲਾਸ਼ ਵੀਰਵਾਰ ਸਵੇਰੇ ਜੀਵਨ ਨਗਰ ਦੇ ਫੋਰਟਿਸ ਹਸਪਤਾਲ ਨੇੜੇ ਅੰਬਾਂ ਦੇ ਬਾਗ 'ਚ ਲਟਕਦੀ ਹੋਈ ਮਿਲੀ। ਜੀਵਨ ਨਗਰ ਇਲਾਕੇ ਦਾ ਰਹਿਣ ਵਾਲਾ ਸੱਤ ਪ੍ਰਕਾਸ਼ ਬੁੱਧਵਾਰ ਤੋਂ ਘਰੋਂ ਲਾਪਤਾ ਸੀ। ਫੋਕਲ ਪੁਆਇੰਟ ਪੁਲਸ ਨੇ ਮ੍ਰਿਤਕ ਦੀ ਪਤਨੀ ਪੂਨਮ ਦੀ ਤਹਿਰੀਰ 'ਤੇ 174 ਤਹਿਤ ਕਾਰਵਾਈ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹ ਕੱਲ ਤੱਕ ਪਹੁੰਚ ਜਾਣਗੇ।
ਸਵੇਰੇ ਰਾਹਗੀਰ ਨੇ ਦਰੱਖਤ ਨਾਲ ਲਟਕਦੀ ਹੋਈ ਦੇਖੀ ਲਾਸ਼
ਘਟਨਾ ਦਾ ਪਤਾ ਅੱਜ ਸਵੇਰੇ ਕਰੀਬ 6 ਵਜੇ ਲੱਗਾ ਜਦੋਂ ਇਕ ਰਾਹਗੀਰ ਨੇ ਅੰਬ ਦੇ ਇਕ ਦਰੱਖਤ ਨਾਲ ਲੜਕੇ ਦੀ ਲਾਸ਼ ਲਟਕਦੀ ਹੋਈ ਦੇਖੀ। ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮਾਮਲੇ ਦਾ ਪਤਾ ਲਗਦੇ ਹੀ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਲੋਕਾਂ ਦੀ ਭੀੜ ਲੱਗ ਗਈ। ਏ. ਸੀ. ਪੀ. ਧਰਮਪਾਲ ਤੇ ਅਮਨਦੀਪ ਬਰਾੜ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ। ਮ੍ਰਿਤਕ ਕੋਲੋਂ ਮਿਲੇ ਫੋਨ ਨੰਬਰਾਂ ਦੀ ਡਾਇਰੀ ਤੋਂ ਪੁਲਸ ਨੇ ਮ੍ਰਿਤਕ ਦੀ ਪਤਨੀ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਉਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਆਪਣੇ ਪਤੀ ਸੱਤ ਪ੍ਰਕਾਸ਼ ਦੇ ਰੂਪ ਵਿਚ ਕੀਤੀ।
ਕਈ ਕਲੀਨਿਕਾਂ ਦੀ ਖਾਕ ਛਾਣੀ ਪਰ ਸਭ ਵਿਅਰਥ ਗਿਆ
ਬਰਾੜ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਵਿਆਹ ਦੇ 2 ਸਾਲ ਬੀਤ ਜਾਣ 'ਤੇ ਸੱਤ ਪ੍ਰਕਾਸ਼ ਪਿਤਾ ਨਹੀਂ ਬਣ ਰਿਹਾ ਸੀ। ਪਿਤਾ ਬਣਨ ਲਈ ਉਸ ਨੇ ਕਈ ਕਲੀਨਿਕਾਂ ਦੀ ਖਾਕ ਛਾਣੀ ਅਤੇ ਆਪਣੀ ਜਮ੍ਹਾ ਪੂੰਜੀ ਇਲਾਜ 'ਤੇ ਲਾ ਦਿੱਤੀ ਪਰ ਸਭ ਕੁੱਝ ਵਿਅਰਥ ਗਿਆ। ਇਸ ਗੱਲ ਤੋਂ ਨਿਰਾਸ਼ ਹੋ ਕੇ ਉਹ ਡਿਪ੍ਰੈਸ਼ਨ ਵਿਚ ਰਹਿਣ ਲੱਗਾ। ਕੰਮ ਧੰਦਾ ਵੀ ਛੱਡ ਗਿਆ। ਬੁੱਧਵਾਰ ਸ਼ਾਮ ਨੂੰ ਉਹ ਘਰੋਂ ਨਿਕਲਿਆ ਅਤੇ ਬਾਗ ਵਿਚ ਆ ਕੇ ਦਰੱਖਤ ਨਾਲ ਫਾਹਾ ਲਾ ਕੇ ਲਟਕ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੰਚਨਾਮਾ ਕਰ ਕੇ ਉਸ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਅਗਲੀ ਕਾਰਵਾਈ ਲਈ ਪੁਲਸ ਉਸ ਦੇ ਪਰਿਵਾਰ ਦੀ ਉਡੀਕ ਕਰ ਰਹੀ ਹੈ।


Related News