ਸ਼ੱਕੀ ਹਾਲਾਤ ''ਚ ਨੌਕਰਾਣੀ ਨੇ ਲਿਆ ਫਾਹਾ

Friday, Mar 30, 2018 - 04:05 AM (IST)

ਲੁਧਿਆਣਾ(ਪੰਕਜ)-ਥਾਣਾ ਦੁੱਗਰੀ ਅਧੀਨ ਪੈਂਦੇ ਪਾਸੀ ਨਗਰ ਏਰੀਏ ਵਿਚ  ਪਿਛਲੇ ਲਗਭਗ ਡੇਢ ਸਾਲ ਤੋਂ ਰਿਟਾਇਰ ਟੀਚਰ ਪ੍ਰਵੇਸ਼ ਕੁਮਾਰ ਦੇ ਘਰ ਬਤੌਰ ਸਾਫ਼-ਸਫ਼ਾਈ ਦਾ ਕੰਮ ਕਰਨ ਵਾਲੀ ਸਾਧਨਾ (16) ਪੁੱਤਰੀ ਸ਼ਿਵ ਨਾਥ ਨਿਵਾਸੀ ਜਵੱਦੀ ਖੁਰਦ ਨੇ ਵੀਰਵਾਰ ਨੂੰ ਕੋਠੀ ਦੇ ਬਾਥਰੂਮ 'ਚ ਲੱਗੇ ਸ਼ਾਵਰ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਮ੍ਰਿਤਕਾ ਦੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਭਾਰੀ ਗਿਣਤੀ ਵਿਚ ਕੋਠੀ 'ਚ ਪਹੁੰਚ ਗਏ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਬੇਟੀ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ, ਨਾ ਕਿ ਉਸ ਨੇ ਆਤਮ-ਹੱਤਿਆ ਕੀਤੀ ਹੈ। ਗੁੱਸੇ ਵਿਚ ਆਏ ਪਰਿਵਾਰ ਨੇ ਕੋਠੀ ਵਿਚ ਖੂਬ ਭੰਨ-ਤੋੜ ਕਰਦਿਆਂ ਗੱਡੀਆਂ ਤੱਕ ਤੋੜ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ 'ਚ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸ਼ਾਂਤ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਵ ਨਾਥ ਨੇ ਦੋਸ਼ ਲਾਇਆ ਕਿ ਕੋਠੀ ਮਾਲਕ ਅਕਸਰ ਉਸ ਦੀ ਬੇਟੀ ਨਾਲ ਦੁਰਵਿਵਹਾਰ ਕਰਦਾ ਸੀ, ਜਿਸ ਬਾਰੇ ਉਸ ਦੀ ਬੇਟੀ ਉਨ੍ਹਾਂ ਨੂੰ ਦੱਸਦੀ ਸੀ। ਥਾਣਾ ਮੁਖੀ ਗੁਰਬਚਨ ਸਿੰਘ ਨੇ ਦੱਸਿਆ ਕਿ ਪੁਲਸ ਸ਼ੁੱਕਰਵਾਰ ਨੂੰ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਏਗੀ, ਜਿਸ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।


Related News