ਕਬਜ਼ਾ ਦਿਵਾਉਣ ਮੌਕੇ ਕਾਬਜ਼ਕਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ; ਹਾਲਤ ਨਾਜ਼ੁਕ

09/24/2017 12:16:35 AM

ਮੱਖੂ(ਧੰਜੂ, ਅਕਾਲੀਆਂਵਾਲਾ)-ਮੱਖੂ ਦੇ ਵਾਰਡ ਨੰ. 12 'ਚ ਸਥਿਤ ਵਿਵਾਦਿਤ ਜਗ੍ਹਾ ਦਾ ਅਦਾਲਤ ਦੇ ਨਿਰਦੇਸ਼ਾਂ 'ਤੇ ਪ੍ਰਸ਼ਾਸਨ ਦੀ ਟੀਮ ਵੱਲੋਂ ਕਬਜ਼ਾ ਦਿਵਾਉਣ ਮੌਕੇ ਪਹਿਲੇ ਕਾਬਜ਼ਕਾਰ ਵੱਲੋਂ ਫਾਹਾ ਲਗਾ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੱਖੂ ਦੇ ਪਿੰਡ ਮਲੰਗਸ਼ਾਹ ਵਾਲਾ ਦੇ ਵਾਸੀ ਗੁਰਜੰਟ ਸਿੰਘ ਤੇ ਬਲਵਿੰਦਰ ਸਿੰਘ ਨਾਮਕ ਭਰਾਵਾਂ ਨੇ ਲਗਭਗ 17 ਸਾਲ ਪਹਿਲਾਂ ਮੱਖੂ ਦੇ ਵਾਰਡ ਨੰ. 12 ਦੇ ਵਾਸੀ ਗੁਰਨਾਮ ਸਿੰਘ ਤੋਂ ਦੁਕਾਨਾਂ ਸਮੇਤ 10 ਮਰਲੇ ਜਗ੍ਹਾ ਦਾ ਸੌਦਾ 9 ਲੱਖ ਰੁਪਏ 'ਚ ਕਰ ਕੇ ਬਿਆਨੇ ਮੌਕੇ 8 ਲੱਖ ਰੁਪਏ ਦੇ ਕੇ ਕਬਜ਼ਾ ਲੈ ਲਿਆ ਸੀ ਪਰ ਗੁਰਨਾਮ ਸਿੰਘ ਨੇ 1 ਸਾਲ ਬਾਅਦ ਰਜਿਸਟਰੀ ਕਰਾਉਣ ਮੌਕੇ ਟਾਲ-ਮਟੋਲ ਕਰਨ ਤੋਂ ਬਾਅਦ ਮੁੜ ਉਸ ਜਗ੍ਹਾ ਦਾ ਕਬਜ਼ਾ ਆਪ ਲੈ ਲਿਆ। ਲਗਭਗ 17 ਸਾਲ ਵੱਖ-ਵੱਖ ਅਦਾਲਤਾਂ 'ਚ ਕੇਸ ਦੀ ਪੈਰਵੀ ਦੌਰਾਨ ਬਾਕੀ ਰਹਿੰਦੀ 1 ਲੱਖ ਰੁਪਏ ਦੀ ਰਕਮ ਅਦਾਲਤ 'ਚ ਜਮ੍ਹਾ ਕਰਵਾਉਣ ਤੋਂ ਬਾਅਦ ਅਦਾਲਤੀ ਨਿਰਦੇਸ਼ਾਂ 'ਤੇ ਉਸ ਜਗ੍ਹਾ ਦੀ ਰਜਿਸਟਰੀ ਤੇ ਇੰਤਕਾਲ ਦੋਵਾਂ ਭਰਾਵਾਂ ਦੇ ਨਾਂ 'ਤੇ ਹੋ ਗਏ।
ਅੱਜ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਦੋਂ ਪ੍ਰਸ਼ਾਸਨ ਦੀ ਟੀਮ ਜਗ੍ਹਾ ਦੇ ਅਸਲੀ ਮਾਲਕਾਂ ਨੂੰ ਕਾਬਜ਼ ਕਰਵਾਉਣ ਪਹੁੰਚੀ ਤਾਂ ਕਬਜ਼ਾ ਦੇਣ ਤੋਂ ਇਨਕਾਰੀ ਗੁਰਨਾਮ ਸਿੰਘ ਰੱਸੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੌਰਾਨ ਜ਼ਖਮੀ ਹੋ ਗਿਆ, ਜੋ ਕਿ ਮੱਖੂ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹੈ। 


Related News