ਸ਼ੱਕੀ ਹਾਲਾਤ ਵਿਚ ਔਰਤ ਨੇ ਪੱਖੇ ਨਾਲ ਲਟਕ ਕੇ ਲਿਆ ਫਾਹਾ
Sunday, Jul 23, 2017 - 04:24 AM (IST)

ਲਾਡੋਵਾਲ(ਰਵੀ ਗਾਦੜਾ, ਅਨਿਲ)-ਅੱਜ ਸਵੇਰੇ ਪਿੰਡ ਹੁਸੈਨਪੁਰ ਆਸ਼ਿਆਨਾ ਕਾਲੋਨੀ ਵਿਖੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਔਰਤ ਨੇ ਆਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਥਾਣਾ ਲਾਡੋਵਾਲ ਦੇ ਮੁਖੀ ਰਵਿੰਦਰਪਾਲ ਸਿੰਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਸੋਮਨਾਥ ਨੇ ਦੱਸਿਆ ਕਿ ਸੁਰੇਖਾ ਪਤਨੀ ਸੁਖਵਿੰਦਰ ਕੁਮਾਰ ਉਮਰ 32 ਸਾਲ ਨੇ ਅੱਜ ਪੱਖੇ ਨਾਲ ਰੱਸੀ ਬੰਨ੍ਹ ਕੇ ਆਪਣੇ ਆਪ ਨੂੰ ਫਾਹਾ ਲਾ ਲਿਆ। ਉਨ੍ਹਾਂ ਦੱਸਿਆ ਕਿ ਇਸ ਗੱਲ ਦਾ ਉਸ ਸਮੇਂ ਪਤਾ ਲੱਗਾ ਜਦੋਂ ਮ੍ਰਿਤਕ ਔਰਤ ਦਾ ਪਤੀ ਸੁਖਵਿੰਦਰ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਗਿਆ ਸੀ ਤਾਂ ਉਸਦੇ ਦੋਸਤ ਨੇ ਉਸ ਨੂੰ ਕਿਸੇ ਕੰਮ ਲਈ ਫੋਨ ਕੀਤਾ ਤਾਂ ਸੁਖਵਿੰਦਰ ਨੇ ਉਸ ਨੂੰ ਆਪਣੇ ਘਰ ਜਾ ਕੇ ਆਪਣੀ ਪਤਨੀ ਨੂੰ ਮਿਲਣ ਲਈ ਕਿਹਾ। ਜਦੋਂ ਉਹ ਸੁਖਵਿੰਦਰ ਕੁਮਾਰ ਦੇ ਘਰ ਗਿਆ ਤਾਂ ਕਮਰੇ ਅੰਦਰ ਮੰਜਰ ਦੇਖਕੇ ਉਹ ਹੈਰਾਨ ਰਹਿ ਗਿਆ। ਉਸ ਦੇ ਦੋਸਤ ਨੇ ਇਸਦੀ ਸੂਚਨਾ ਔਰਤ ਦੇ ਪਤੀ ਨੂੰ ਦਿੱਤੀ ਅਤੇ ਇਸ ਸਬੰਧੀ ਲਾਡੋਵਾਲ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਸੁਖਵਿੰਦਰ ਕੁਮਾਰ ਦੇ ਬਿਆਨ ਅਨੁਸਾਰ ਕਿ ਸਾਡਾ ਕਰਨੈਲ ਸਿੰਘ ਵਾਸੀ ਭਗਤ ਸਿੰਘ ਕਾਲੋਨੀ ਨਾਲ ਪੈਸਿਆਂ ਦਾ ਕੁੱਝ ਲੈਣ-ਦੇਣ ਸੀ ਜੋ ਸਾਡੇ ਘਰ ਆ ਕੇ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਮੇਰੀ ਪਤਨੀ ਨੇ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਲਾਡੋਵਾਲ ਪੁਲਸ ਨੇ ਕਰਨੈਲ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਾਖਲ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।