ਪੀਰਾਂ ਦੇ ਅਸਥਾਨ ''ਤੇ ਸੇਵਾਦਾਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Tuesday, Sep 26, 2017 - 05:55 PM (IST)

ਮੇਹਟੀਆਣਾ (ਸੰਜੀਵ, ਇੰਦਰਜੀਤ) : ਪੀਰਾਂ ਦੇ ਅਸਥਾਨ 'ਤੇ ਸੇਵਾ ਕਰ ਰਹੇ ਇਕ ਵਿਅਕਤੀ ਵੱਲੋਂ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ ਸਮਾਪਤ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਥਾਣਾ ਮੇਹਟੀਆਣਾ ਹਰਲੀਨ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਰੱਖਾ ਰਾਮ ਪੁੱਤਰ ਚੰਦੂ ਰਾਮ ਵਾਸੀ ਬੱਡਲਾ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਸਭ ਤੋਂ ਛੋਟਾ ਲੜਕਾ ਮਦਨ ਲਾਲ ਉਰਫ਼ ਮੱਦੀ (45) ਪਿਛਲੇ ਲੰਮੇ ਸਮੇਂ ਤੋਂ ਬਾਬਾ ਨਿਮਾਣੇ ਸ਼ਾਹ ਵਿਖੇ ਸੇਵਾ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਬਹੁਤਾ ਸਮਾਂ ਇਸ ਜਗ੍ਹਾ 'ਤੇ ਹੀ ਰਹਿੰਦਾ ਸੀ ਅਤੇ ਸਿਰਫ਼ ਸਵੇਰ ਸਮੇਂ ਰੋਟੀ ਲੈਣ ਹੀ ਘਰ ਆਉਂਦਾ ਸੀ। ਉਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਜਦੋਂ ਉਹ ਰੋਟੀ ਲੈਣ ਨਹੀਂ ਆਇਆ ਤਾਂ ਉਨ੍ਹਾਂ ਪੀਰਾਂ ਦੀ ਜਗ੍ਹਾ 'ਤੇ ਜਾ ਕੇ ਉਸ ਦੀ ਭਾਲ ਕੀਤੀ ਤਾਂ ਇਸ ਦੌਰਾਨ ਦੇਖਿਆ ਕਿ ਉਸ ਦੀ ਲਾਸ਼ ਨਜ਼ਦੀਕ ਹੀ ਲੱਗੇ ਇਕ ਪਿੱਪਲ ਦੇ ਦਰੱਖਤ ਨਾਲ ਲਟਕ ਰਹੀ ਸੀ।
ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਮੇਹਟੀਆਣਾ ਦੇ ਐੱਸ. ਐੱਚ. ਓ. ਹਰਲੀਨÎ ਸਿੰਘ ਅਤੇ ਥਾਣੇਦਾਰ ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧੀ ਪੁਲਸ ਨੇ 174 ਦੀ ਲੋੜੀਂਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ।