ਸਰਕਾਰ ਵੱਲੋਂ ਯੋਗ ਪ੍ਰਬੰਧ ਨਾ ਹੋਣ ਕਾਰਨ ਗੰਨਾ ਉਤਪਾਦਨ ਦਾ ਭਵਿੱਖ ਖਤਰੇ ''ਚ

Wednesday, Nov 27, 2019 - 04:29 PM (IST)

ਸਰਕਾਰ ਵੱਲੋਂ ਯੋਗ ਪ੍ਰਬੰਧ ਨਾ ਹੋਣ ਕਾਰਨ ਗੰਨਾ ਉਤਪਾਦਨ ਦਾ ਭਵਿੱਖ ਖਤਰੇ ''ਚ

ਭੋਗਪੁਰ (ਸੂਰੀ)— ਪੰਜਾਬ 'ਚ ਪਾਣੀ ਦਾ ਪੱਧਰ ਦਿਨੋਂ-ਦਿਨ ਹੇਠਾਂ ਵੱਲ ਵਧਦਾ ਜਾ ਰਿਹਾ ਹੈ। ਪਾਣੀ ਦੇ ਪੱਧਰ ਨੂੰ ਹੇਠਾਂ ਦੇਖ ਕੇ ਸਰਕਾਰ ਝੋਨੇ ਹੇਠਲੇ ਰਕਬੇ ਨੂੰ ਘੱਟ ਕਰਕੇ ਕਿਸਾਨਾਂ ਨੂੰ ਹੋਰਨਾਂ ਫਸਲ ਦੀ ਬੀਜਾਈ ਕਰਨ ਪ੍ਰਤੀ ਜਾਗਰੂਕ ਕਰਨ ਲਈ ਕਈ ਉਪਰਾਲੇ ਕਰਦੀ ਨਜ਼ਰ ਆਉਂਦੀ ਹੈ। ਬਹੁਤ ਸਾਰੇ ਕਿਸਾਨ ਝੋਨੇ ਨੂੰ ਛੱਡ ਕੇ ਗੰਨੇ ਦੀ ਖੇਤੀ ਕਰਨ ਲੱਗ ਪਏ ਸਨ ਪਰ ਖੰਡ ਮਿੱਲਾਂ ਵੱਲੋਂ ਸਮੇਂ ਸਿਰ ਗੰਨੇ ਦੀ ਫਸਲ ਦੀ ਅਦਾਇਗੀ ਨਾ ਕੀਤੇ ਜਾਣ ਕਾਰਣ ਗੰਨਾ ਉਤਪਾਦਕ ਕਿਸਾਨਾਂ ਦਾ ਮੋਹ ਗੰਨਾ ਉਤਪਾਦਨ ਤੋਂ ਘਟਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਦੇ ਹਾਲਾਤ ਇੰਨੇ ਤਰਸਯੋਗ ਹਨ ਕਿ ਉਨ੍ਹਾਂ ਨੂੰ ਆਪਣੇ ਗੰਨੇ ਦੀ ਫਸਲ ਦਾ ਪੈਸਾ ਮਿੱਲਾਂ ਤੋਂ ਲੈਣ ਲਈ ਧਰਨੇ-ਪ੍ਰਦਰਸ਼ਨ ਕਰਨੇ ਪੈ ਰਹੇ ਹਨ।

ਗੰਨੇ ਦੀ ਫਸਲ ਦਾ ਪਿਛਲੇ ਸੀਜ਼ਨ ਦਾ ਭੁਗਤਾਨ ਨਾ ਹੋਣਾ ਵੱਡੀ ਸਮੱਸਿਆ
ਦੋਆਬੇ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਗੰਨਾ ਉਤਪਾਦਨ ਕੀਤਾ ਜਾਂਦਾ ਹੈ। ਮਿੱਲਾਂ ਵੱਲੋਂ ਬੀਤੇ ਸਾਲ ਗੰਨੇ ਦਾ ਭੁਗਤਾਨ ਨਾ ਕੀਤੇ ਜਾਣ ਕਾਰਣ ਗੰਨਾ ਉਤਪਾਦਕ ਕਿਸਾਨ ਬੈਂਕ ਤੋਂ ਲਏ ਕਰਜ਼ਿਆਂ ਦਾ ਵਿਆਜ ਦੇਣ ਤੋਂ ਵੀ ਅਸਮਰੱਥ ਨਜ਼ਰ ਆ ਰਿਹਾ ਹੈ। ਭੋਗਪੁਰ ਖੰਡ ਮਿੱਲ ਵੱਲੋਂ ਪਿਛਲੇ ਸਾਲ ਖਰੀਦੇ ਗਏ ਗੰਨੇ ਦਾ ਕਿਸਾਨਾਂ ਨੂੰ 25 ਕਰੋੜ ਰੁਪਏ ਦੇ ਕਰੀਬ ਬਕਾਇਆ ਹੁਣ ਤੱਕ ਨਹੀਂ ਦਿੱਤਾ ਗਿਆ ਹੈ। ਕਿਸਾਨ ਕਈ ਵਾਰ ਮਿੱਲ ਪ੍ਰਸ਼ਾਸਨ ਅਤੇ ਸਬੰਧਤ ਮੰਤਰੀ ਤੱਕ ਤੋਂ ਬਕਾਇਆ ਦੇਣ ਦੀ ਮੰਗ ਕਰ ਚੁੱਕੇ ਹਨ ਪਰ ਕਿਸਾਨਾਂ ਪੱਲੇ ਹੁਣ ਤੱਕ ਲਾਰੇ ਹੀ ਪਏ ਹਨ।

ਮਿੱਲ ਨੂੰ ਗੰਨਾ ਵੇਚਣ ਵਾਲੇ ਕਿਸਾਨਾਂ ਪਾਸੋਂ ਕੱਟੀ ਜਾ ਰਹੀ ਹੈ ਪੈਨਲਟੀ
ਸਹਿਕਾਰੀ ਖੰਡ ਮਿੱਲ ਭੋਗਪੁਰ ਵੱਲੋਂ ਹਰ ਸਾਲ ਗੰਨਾ ਉਦਪਾਦਕ ਕਿਸਾਨਾਂ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਗੰਨੇ ਦੀ ਮਾਤਰਾ ਨੂੰ (ਕੁਇੰਟਲਾਂ 'ਚ) ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਬਾਂਡ ਕੀਤਾ ਜਾਂਦਾ ਹੈ ਅਤੇ ਬਾਂਡ ਕੀਤੇ ਗਏ ਗੰਨੇ ਦੀ ਮਾਤਰਾ ਦਾ 85 ਫੀਸਦੀ ਹਿੱਸਾ ਗੰਨਾ ਮਿੱਲ ਨੂੰ ਦੇਣ ਵਾਲੇ ਕਿਸਾਨਾਂ ਨੂੰ ਪੈਨਲਟੀ ਨਹੀਂ ਲਈ ਜਾਂਦੀ। ਜਦੋਂ ਮਿੱਲ ਦਾ ਗੰਨਾ ਪਿੜਾਈ ਸੀਜ਼ਨ ਚਾਲੂ ਹੁੰਦਾ ਹੈ ਤਾਂ ਕਿਸਾਨ ਗੰਨਾ ਲੈ ਕੇ ਮਿੱਲ ਵਿਚ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਬਾਂਡ ਕੀਤੇ ਗਏ ਗੰਨੇ ਦੀ ਬਣਦੀ ਪੈਨਲਟੀ ਕੱਟ ਲਈ ਜਾਂਦੀ ਹੈ ਪਰ ਬਾਂਡ ਕੀਤੇ ਗੰਨੇ ਦੀ ਬਣਦੀ ਮਾਤਰਾ ਪੂਰੀ ਕਰਨ ਤੋਂ ਬਾਅਦ ਵੀ ਉਸ ਨੂੰ ਤੁਰੰਤ ਕੱਟੀ ਗਈ ਰਕਮ ਨਹੀ ਦਿੱਤੀ ਜਾਂਦੀ, ਬਲਕਿ ਕਈ ਵਾਰ ਇਹ ਰਕਮ ਜਾਰੀ ਕਰਨ ਨੂੰ ਇਕ ਸਾਲ ਤੱਕ ਦੀ ਸਮਾਂ ਵੀ ਲੱਗ ਜਾਂਦਾ ਹੈ।

ਸਰਪਲੱਸ ਗੰਨਾ ਦੂਰ ਦੀਆਂ ਮਿੱਲਾਂ ਨੂੰ ਅਲਾਟ ਕਰਨ ਕਾਰਣ ਕਿਸਾਨ ਔਖੇ
ਭੋਗਪੁਰ ਖੰਡ ਮਿੱਲ ਹੇਠ ਪੈਂਦੇ ਇਲਾਕੇ 'ਚ 60 ਲੱਖ ਕੁਇੰਟਲ ਦੇ ਕਰੀਬ ਗੰਨਾ ਉਤਪਾਦਨ ਹੁੰਦਾ ਹੈ। ਭੋਗਪੁਰ ਮਿੱਲ ਆਪਣੀ ਸਮਰੱਥਾ ਤੋਂ ਵੱਧ ਵੀਹ ਲੱਖ ਕੁਇੰਟਲ ਦੇ ਕਰੀਬ ਗੰਨੇ ਦੀ ਪਿੜਾਈ ਕਰਦੀ ਹੈ। ਸਹਿਕਾਰਤਾ ਵਿਭਾਗ ਵੱਲੋਂ ਬਾਕੀ ਬਚਦੇ ਚਾਲੀ ਕੁਇੰਟਲ ਦੇ ਕਰੀਬ ਗੰਨਾ ਪੰਜਾਬ ਦੀਆਂ ਹੋਰਨਾਂ ਖੰਡ ਮਿੱਲਾਂ ਨੂੰ ਅਲਾਟ ਕਰ ਦਿੱਤਾ ਜਾਂਦਾ ਹੈ ਪਰ ਜ਼ਿਆਦਾਤਰ ਖੰਡ ਮਿੱਲਾਂ ਬੁਹਤ ਦੂਰ ਹੋਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।


author

shivani attri

Content Editor

Related News