ਖੰਡ ਮਿੱਲ ਦੇ ਪਾਵਰ ਹਾਊਸ ਸੈਕਸ਼ਨ ''ਚ ਲੱਗੀ ਅੱਗ

Sunday, Jun 17, 2018 - 05:30 AM (IST)

ਖੰਡ ਮਿੱਲ ਦੇ ਪਾਵਰ ਹਾਊਸ ਸੈਕਸ਼ਨ ''ਚ ਲੱਗੀ ਅੱਗ

ਮੋਰਿੰਡਾ,  (ਧੀਮਾਨ)-  ਸਥਾਨਕ ਖੰਡ ਮਿੱਲ ਦੇ ਪਾਵਰ ਹਾਊਸ ਸੈਕਸ਼ਨ ਵਿਚ ਕਿਸੇ ਕਾਰਨ ਅੱਗ ਲਗ ਗਈ, ਜਿਸ ਕਾਰਨ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ। ਅੱਗ ਲੱਗਣ ਦੇ ਕਾਰਨਾਂ ਤੇ ਹੋਏ ਨੁਕਸਾਨ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ ਪਰ ਸੂਤਰਾਂ ਅਨੁਸਾਰ ਅੱਗ ਨਾਲ ਭਾਰੀ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਇਸ ਸਬੰਧੀ ਮਿੱਲ ਅਧਿਕਾਰੀ ਕੁਝ ਵੀ ਦੱਸਣ ਤੋਂ ਪਾਸਾ ਵੱਟ ਰਹੇ ਹਨ ਤੇ ਟਾਲ-ਮਟੋਲ ਕਰ ਰਹੇ ਹਨ, ਜਦਕਿ ਮਿੱਲ ਦੇ ਜਨਰਲ ਮੈਨੇਜਰ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਉਹ ਮਿੱਲ ਵਿਚ ਹਨ। ਇਸ ਤੋਂ ਬਾਅਦ ਉਨ੍ਹਾਂ ਦਿਨ ਵਿਚ ਇਕ ਵਾਰ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਜਾਣਕਾਰੀ ਅਨੁਸਾਰ ਪਾਵਰ ਹਾਊਸ ਸੈਕਸ਼ਨ ਵਿਖੇ ਅੱਗ ਲੱਗਣ ਦੀ ਘਟਨਾ ਉਸ ਸਮੇਂ ਵਾਪਰੀ, ਜਦੋਂ ਮਿੱਲ ਦੇ ਮੁਲਾਜ਼ਮ ਜਾਂ ਠੇਕੇਦਾਰ ਦੇ ਕਰਮਚਾਰੀ ਮਿੱਲ ਵਿਚ ਬਿਜਲੀ ਨਾ ਹੋਣ ਸਮੇਂ ਜਨਰੇਟਰ ਚਲਾਉਣ ਲੱਗੇ ਸਨ ਕਿ ਅਚਾਨਕ ਕਿਸੇ ਕਾਰਨ ਅੱਗ ਭੜਕ ਗਈ। ਸੂਤਰਾਂ ਦੀ ਗੱਲ ਨੂੰ ਸੱਚ ਮੰਨਿਆ ਜਾਵੇ ਤਾਂ ਅੱਗ ਲੱਗਣ ਕਾਰਨ ਮਿੱਲ ਦਾ ਕਾਫੀ ਨੁਕਸਾਨ ਹੋਇਆ ਹੋ ਸਕਦਾ ਹੈ ਕਿਉਂਕਿ ਅੱਗ ਦਾ ਧੂੰਆਂ ਦੂਰ-ਦੂਰ ਤਕ ਦਿਖਾਈ ਦੇ ਰਿਹਾ ਸੀ ਤੇ ਮਿੱਲ ਪ੍ਰਬੰਧਕਾਂ ਨੂੰ ਫਾਇਰ ਬ੍ਰਿਗੇਡ ਬੁਲਾਉਣਾ ਪਿਆ, ਜਦਕਿ ਅੱਗ ਲੱਗਣ ਦੀ ਘਟਨਾ ਦੇ ਕਾਰਨਾਂ ਤੇ ਨੁਕਸਾਨ ਸਬੰਧੀ ਮਿੱਲ ਅਧਿਕਾਰੀਆਂ ਨੇ ਕੋਈ ਪੁਸ਼ਟੀ ਨਹੀਂ ਕੀਤੀ। 
ਮਿੱਲ ਦਾ ਫਾਇਰ ਫਾਈਟਿੰਗ ਸਿਸਟਮ ਹੋਇਆ ਫੇਲ
ਜਾਣਕਾਰੀ ਅਨੁਸਾਰ ਮਿੱਲ ਵਿਚ ਕਰੋੜਾਂ ਰੁਪਏ ਦੀ ਮਸ਼ਿਨਰੀ ਲੱਗੀ ਹੈ। ਐਮਰਜੈਂਸੀ ਵੇਲੇ ਜਾਂ ਅੱਗ ਲੱਗ ਜਾਣ ਦੀ ਸੂਰਤ ਵਿਚ ਹਾਲਾਤ ਨਾਲ ਨਿਪਟਣ ਤੇ ਅਜਿਹੇ ਹਾਲਾਤ ਵਿਚ ਮਿੱਲ ਦੀ ਪ੍ਰਾਪਰਟੀ ਬਚਾਉਣ ਲਈ ਮਿੱਲ ਵਿਚ ਫਾਇਰ ਫਾਈਟਿੰਗ ਸਿਸਟਮ ਤਹਿਤ ਰੈੱਡ ਪਾਈਪ ਲਾਈਨ ਪਾਈ ਹੋਈ ਹੈ ਪਰ ਸੂਤਰਾਂ ਦੀ ਮੰਨੀ ਜਾਵੇ ਤਾਂ ਅੱਗ ਲੱਗਣ ਦੀ ਇਸ ਘਟਨਾ ਸਮੇਂ ਬਿਜਲੀ ਸਪਲਾਈ ਦੀ ਕਮੀ ਕਾਰਨ ਇਹ ਸਿਸਟਮ ਚੱਲ ਹੀ ਨਹੀਂ ਸਕਿਆ। 
ਫੈਕਟਰੀ ਸਾਈਡ 'ਚ ਨਹੀਂ ਸੀ ਐਮਰਜੈਂਸੀ ਲਾਈਟ ਦਾ ਪ੍ਰਬੰਧ
ਮਿੱਲ ਦੇ ਇਕ ਹਿੱਸੇ ਵਿਚ ਜਦੋਂ ਅੱਗ ਲੱਗਣ ਦੀ ਘਟਨਾ ਵਾਪਰੀ ਤਾਂ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਤੇ ਵਰਕਰਾਂ ਵਲੋਂ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਪਰ ਉਸ ਸਮੇਂ ਮਿੱਲ ਵਿਚ ਘੁੱਪ ਹਨੇਰਾ ਹੋਣ ਕਾਰਨ ਅੱਗ ਬੁਝਾਉਣ ਸਮੇਂ ਵਰਕਰਾਂ ਦੀ ਜਾਨ ਵੀ ਦਾਅ 'ਤੇ ਲੱਗੀ ਰਹੀ ਕਿਉਂਕਿ ਹਨੇਰੇ ਵਿਚ ਕੋਈ ਹਾਦਸਾ ਵੀ ਹੋ ਸਕਦਾ ਸੀ। 
ਵਰਕਰਾਂ ਦੀ ਸੁਰੱਖਿਆ ਦੀ ਮੰਗ
ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਮਿੱਲ ਮੁਲਾਜ਼ਮਾਂ ਦੀ ਯੂਨੀਅਨ ਦੇ ਸਾਬਕਾ ਪ੍ਰਧਾਨ ਖੁਸ਼ਹਾਲ ਸਿੰਘ ਤੇ ਹੋਰਨਾਂ ਲੋਕਾਂ ਨੇ ਮੰਗ ਕੀਤੀ ਹੈ ਕਿ ਮਿੱਲ ਵਿਚ ਅਜਿਹੀ ਐਮਰਜੈਂਸੀ ਸਮੇਂ ਬਚਾਅ ਕਰ ਰਹੇ ਵਰਕਰਾਂ ਦੀ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।


Related News