ਸੂਲਰ ਦੇ ਅਧਿਕਾਰਤ ਪੰਚ ਦੀ ਚੋਣ ਨਾ ਕਰਵਾਉਣ ਤੋਂ ਭੜਕੇ ਅਕਾਲੀ
Wednesday, Jan 03, 2018 - 07:53 AM (IST)
ਪਟਿਆਲਾ, (ਜੋਸਨ)- ਵਿਧਾਨ ਸਭਾ ਹਲਕਾ ਸਮਾਣਾ ਦੇ ਪਿੰਡ ਸੂਲਰ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਅਧਿਕਾਰਤ ਪੰਚ ਦੀ ਚੋਣ ਨਾ ਕਰਵਾਉਣ ਦਾ ਮਾਮਲਾ ਭੜਕ ਉਠਿਆ ਹੈ। ਇਸ ਕਾਰਨ ਅੱਜ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਦੀ ਅਗਵਾਈ ਹੇਠ ਬਲਾਕ ਸਨੌਰ ਵਿਚ ਜਾ ਕੇ ਸੂਲਰ ਦੇ 5 ਪੰਚਾਇਤ ਮੈਂਬਰਾਂ ਨੇ ਆਪਣਾ ਅਧਿਕਾਰਤ ਪੰਚ ਚੁਣ ਕੇ ਐਲਾਨ ਕੀਤਾ ਕਿ ਜੇਕਰ ਤੁਰੰਤ ਚੋਣ ਨਾ ਕਰਵਾਈ ਗਈ ਤਾਂ ਸਾਬਕਾ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਬੀ. ਡੀ. ਪੀ. ਓ. ਦਫਤਰ ਦਾ ਘਿਰਾਓ ਹੋਵੇਗਾ। ਪਿੰਡ ਸੂਲਰ ਦਾ ਸਰਪੰਚ ਲੰਮੇ ਸਮੇਂ ਤੋਂ ਵਿਦੇਸ਼ ਜਾ ਚੁੱਕਾ ਹੈ। ਪੰਚਾਇਤ ਦਾ ਕੰਮ-ਕਾਜ ਚਲਾਉਣ ਲਈ ਅਧਿਕਾਰਤ ਪੰਚ (ਸਰਪੰਚ) ਦਾ ਚੁਣਨਾ ਜ਼ਰੂਰੀ ਹੋ ਜਾਂਦਾ ਹੈ। ਲੰਮੇ ਸਮੇਂ ਤੋਂ ਸਿਆਸੀ ਦਬਾਅ ਕਾਰਨ ਇਹ ਚੋਣ ਨਹੀਂ ਹੋ ਸਕੀ। ਇਸ ਸਬੰਧੀ ਅੱਜ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਬਲਾਕ ਸੰਮਤੀ ਸਨੌਰ ਦੀ ਚੇਅਰਪਰਸਨ ਜਸਵਿੰਦਰ ਕੌਰ, ਵਾਈਸ ਚੇਅਰਮੈਨ ਹਰਫੂਲ ਸਿੰਘ ਬੋਸਰ ਕਲਾਂ ਅਤੇ 5 ਪੰਚਾਇਤ ਮੈਂਬਰਾਂ ਨੇ ਅੱਜ ਇਥੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਦੇ ਪਿੰਡ ਦੀ ਚੋਣ ਨੂੰ ਜਾਣ-ਬੁੱਝ ਕੇ ਲਟਕਾਇਆ ਜਾ ਰਿਹਾ ਹੈ। ਪਿੰਡ ਦੇ ਵਿਕਾਸ ਕਾਰਜ ਰੁਕ ਗਏ ਹਨ।
ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ 28 ਜੁਲਾਈ 2017 ਤੋਂ ਲੈ ਕੇ 2 ਜਨਵਰੀ 2018 ਨੂੰ 5 ਨੋਟਿਸ ਡੀ. ਡੀ. ਪੀ. ਓ. ਅਤੇ ਬੀ. ਡੀ. ਪੀ. ਓ. ਪੰਚਾਇਤ ਮੈਂਬਰਾਂ ਨੂੰ ਚੋਣ ਕਰਵਾਉਣ ਲਈ ਕੱਢੇ ਹਨ। ਫਿਰ ਵੀ ਚੋਣ ਨਹੀਂ ਕਰਵਾਈ। ਅਖੀਰ ਪੰਚਾਇਤ ਮੈਂਬਰਾਂ ਨੇ ਕੋਰਟ ਦਾ ਸਹਾਰਾ ਲਿਆ ਜਿਸ ਕਾਰਨ ਅੱਜ ਫਿਰ ਬੀ. ਡੀ. ਪੀ. ਓ. ਵਿਭਾਗ ਨੇ ਖਾਨਾਪੂਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਲਿਖਤੀ ਰੂਪ ਵਿਚ ਨੋਟਿਸ ਦਿੱਤਾ ਹੈ ਕਿ ਜੇਕਰ ਇਕ ਹਫਤੇ ਦੇ ਅੰਦਰ-ਅੰਦਰ ਚੋਣ ਕਰਵਾ ਕੇ ਅਧਿਕਾਰਤ ਪੰਚ ਨਾ ਚੁਣਿਆ ਤਾਂ ਅਗਲੇ ਹਫਤੇ ਸਾਬਕਾ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਬੀ. ਡੀ. ਪੀ. ਓ. ਦਫਤਰ ਸਨੌਰ ਦਾ ਘਿਰਾਓ ਕਰ ਕੇ ਦਫਤਰ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ।
