ਵਿਆਹੁਤਾ ਵੱਲੋਂ ਡੇਢ ਸਾਲ ਦੇ ਬੱਚੇ ਸਮੇਤ ਨਹਿਰ ''ਚ ਛਾਲ ਮਾਰ ਕੇ ਆਤਮਹੱਤਿਆ

Tuesday, Jun 20, 2017 - 07:56 AM (IST)

ਬਸੀ ਪਠਾਣਾ(ਰਾਜਕਮਲ)-ਵਿਆਹੁਤਾ ਵੱਲੋਂ ਆਪਣੇ ਡੇਢ ਸਾਲਾ ਬੱਚੇ ਸਮੇਤ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਸੀ ਪਠਾਣਾ ਪੁਲਸ ਵੱਲੋਂ ਮ੍ਰਿਤਕਾ ਦੇ ਭਰਾ ਲਖਵੀਰ ਸਿੰਘ ਦੇ ਬਿਆਨਾਂ 'ਤੇ ਸੱਸ ਕਿਰਨ ਕੌਰ ਅਤੇ ਨਨਾਣ ਮਨਪ੍ਰੀਤ ਕੌਰ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ, ਜਦਕਿ ਬੱਚੇ ਦੀ ਤਲਾਸ਼ ਜਾਰੀ ਹੈ।
ਕੀ ਹੈ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੀ ਮਾਤਾ ਮਹਿੰਦਰ ਕੌਰ, ਭਰਾ ਲਖਵੀਰ ਸਿੰਘ ਵਾਸੀ ਮੋਹਾਲੀ ਅਤੇ ਹੋਰ ਰਿਸ਼ਤੇਦਾਰਾਂ ਸੁਖਵਿੰਦਰ, ਰੁਪਿੰਦਰ ਅਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਕਰਮਜੀਤ ਕੌਰ ਦਾ ਵਿਆਹ 11 ਸਾਲ ਪਹਿਲਾਂ ਸੱਜਣ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਅਲੀਪੁਰ ਲੁਧਿਆਣਾ ਨਾਲ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਤੀ ਸੱਜਣ ਸਿੰਘ ਦੇ ਵਿਦੇਸ਼ 'ਚ ਹੋਣ ਕਾਰਨ ਸੱਸ ਕਿਰਨ ਕੌਰ ਅਤੇ ਨਨਾਣ ਮਨਪ੍ਰੀਤ ਕੌਰ, ਨੰਦੋਈਆ ਮਨਪ੍ਰੀਤ ਸਿੰਘ ਕਰਮਜੀਤ ਕੌਰ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ ਅਤੇ ਉਸ ਦੇ ਚਰਿੱਤਰ 'ਤੇ ਉਂਗਲੀ ਵੀ ਉਠਾਉਂਦੇ ਸਨ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ। 14 ਜੂਨ ਨੂੰ ਬਸੀ ਪਠਾਣਾ ਨਜ਼ਦੀਕੀ ਪਿੰਡ ਬਹਿਰਾਮਪੁਰ 'ਚ ਪੂਜਾ-ਪਾਠ ਦੇ ਬਹਾਨੇ ਉਨ੍ਹਾਂ ਦੀ ਬੇਟੀ ਕਰਮਜੀਤ ਕੌਰ ਨੂੰ ਨਨਾਣ ਅਤੇ ਨੰਦੋਈਏ ਵੱਲੋਂ ਕਥਿਤ ਤੌਰ 'ਤੇ ਨਹਿਰ 'ਚ ਧੱਕਾ ਦੇ ਕੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ। ਇਸ ਘਟਨਾ ਦੀ ਸੂਚਨਾ ਉਨ੍ਹਾਂ ਨੂੰ ਪਿੰਡ ਅਲੀਪੁਰ ਦੇ ਸਰਪੰਚ ਪਰਮਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਗੁਹਾਰ ਲਾਉਂਦੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾਵੇ।
ਕੀ ਕਹਿੰਦੇ ਹਨ ਜਾਂਚ ਅਧਿਕਾਰੀ
ਮਾਮਲੇ ਦੀ ਜਾਂਚ ਕਰ ਰਹੀ ਸਬ-ਇੰਸਪੈਕਟਰ ਗੁਰਦੀਪ ਕੌਰ ਨੇ ਕਿਹਾ ਕਿ ਮ੍ਰਿਤਕਾ ਕਰਮਜੀਤ ਕੌਰ ਦੇ ਭਰਾ ਲਖਵੀਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਸੱਸ ਕਿਰਨ ਕੌਰ ਅਲੀਪੁਰ ਅਤੇ ਨਨਾਣ ਮਨਪ੍ਰੀਤ ਕੌਰ ਲੁਧਿਆਣਾ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ।
ਮ੍ਰਿਤਕਾ ਦੇ ਪਤੀ ਨੇ ਦੋਸ਼ਾਂ ਨੂੰ ਨਕਾਰਿਆ  
ਮ੍ਰਿਤਕਾ ਕਰਮਜੀਤ ਕੌਰ ਦੇ ਪਤੀ ਸੱਜਣ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਹੀ ਆਇਆ ਹੈ ਅਤੇ ਵਿਦੇਸ਼ 'ਚ ਹੋਣ ਕਾਰਨ ਉਸ ਨੂੰ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰਮਜੀਤ ਨੇ ਕਦੇ ਕੋਈ ਪ੍ਰੇਸ਼ਾਨੀ ਹੋਣ ਬਾਰੇ ਨਹੀਂ ਦੱਸਿਆ, ਉਹ ਤਾਂ ਕਹਿੰਦੀ ਸੀ ਕਿ ਤੂੰ ਵਿਦੇਸ਼ 'ਚ ਕੰਮ ਕਰ, ਅਸੀਂ ਸਾਰੇ ਖੁਸ਼ ਹਾਂ। ਸੱਜਣ ਨੇ ਕਿਹਾ ਕਿ ਉਸ ਦੇ 2 ਪੁੱਤਰ ਹਨ, ਜਦਕਿ ਡੇਢ ਸਾਲਾ ਗੁਰਕੀਰਤ ਦਾ ਕੁਝ ਪਤਾ ਨਹੀਂ ਚੱਲਿਆ ਹੈ।


Related News