''ਆਪ'' ਖਿਲਾਫ ਛੋਟੇਪੁਰ ਨੇ ਕੱਢੀ ਦਿਲੀ ਭੜਾਸ, ਭਾਵੁਕ ਹੁੰਦਿਆਂ ਬੋਲੇ, ''ਜੇ ਗਲਤ ਹੋਇਆ ਤਾਂ ਮੈਨੂੰੰ ਟੰਗ ਦਿਓ''

08/27/2016 9:23:18 AM

ਚੰਡੀਗੜ੍ਹ : ਸਟਿੰਗ ਆਪਰੇਸ਼ਨ ਮਾਮਲੇ ''ਚ ਘਿਰੇ ''ਆਪ'' ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਇੱਥੇ ਪਾਰਟੀ ਖਿਲਾਫ ਖੂਬ ਭੜਾਸ ਕੱਢੀ ਅਤੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਜੇਕਰ ਉਹ ਇਸ ਮਾਮਲੇ ''ਚ ਗਲਤ ਪਾਏ ਗਏ ਤਾਂ ਉਨ੍ਹਾਂ ਨੂੰ ਟੰਗ ਦਿੱਤਾ ਜਾਵੇ। ਪ੍ਰੈੱਸ ਕਾਨਫਰੰਸ ਦੌਰਾਨ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੇ 40 ਸਾਲ ਜਨਤਾ ਦੀ ਸੇਵਾ ਕੀਤੀ ਹੈ ਅਤੇ ਜਿਹੜੀ ਪਾਰਟੀ ਨੂੰ ਪਿਛਲੇ ਢਾਈ ਸਾਲਾਂ ਤੋਂ ਖੂਨ-ਪਸੀਨਾ ਵਹਾ ਕੇ ਬਣਾਇਆ ਹੈ, ਉਸ ਪਾਰਟੀ ਨੇ ਉਨ੍ਹਾਂ ਦੀ ਮਿੱਟੀ ਪਲੀਤ ਕਰ ਦਿੱਤੀ ਹੈ। ਛੋਟੇਪੁਰ ਨੇ ਕਿਹਾ ਕਿ ਸਟਿੰਗ ਮਾਮਲੇ ਦੀ ਸੀ. ਬੀ. ਆਈ. ਜਾਂਚ. ਕਰਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਇਸ ਦੇ ਨਾਲ ਹੀ ਸਟਿੰਗ ਜਨਤਕ ਕੀਤਾ ਜਾਵੇ। 
ਦੁਰਗੇਸ਼ ਪਾਠਕ ਪਾਵਰ ਸੈਂਟਰ
ਛੋਟੇਪੁਰ ਨੇ ਕਿਹਾ ਕਿ ਆਪ ਆਗੂ ਦੁਰਗੇਸ਼ ਪਾਠਕ ਹੀ ਸੈਂਟਰ ਪੁਆਇੰਟ ਹੈ ਅਤੇ ਉਨ੍ਹਾਂ ਦੀ ਮਰਜ਼ੀ ਨਾਲ ਹੀ ਪੂਰੀ ਪਾਰਟੀ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਸਟਿੰਗ ''ਚ ਫਸਾਉਣ ਦੀ ਚਾਲ ਵੀ ਆਪ ਆਗੂਆਂ ਨੇ ਹੀ ਚੱਲੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਉਨ੍ਹਾਂ ਦਾ ਪੇਸ਼ਾ ਨਹੀਂ ਹੈ, ਸਗੋਂ ਉਹ ਲੋਕਾਂ ਦੀ ਸੇਵਾ ਕਰਨ ਲਈ ਸਿਆਸਤ ''ਚ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਫਸਾਇਆ ਗਿਆ ਹੈ ਪਰ ਪੈਸੇ ਲੈਣ ਦਾ ਅਸਲੀ ਕਾਰੋਬਾਰ ਤਾਂ ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਕਰ ਰਹੇ ਹਨ ਕਿਉਂਕਿ ਆਪ ਦੀਆਂ ਟਿਕਟਾਂ ਦੇਣ ਲਈ ਉਹ ਲੋਕਾਂ ਤੋਂ ਲੱਖਾਂ ਰੁਪਿਆ ਇਕੱਠਾ ਕਰ ਰਹੇ ਹਨ। 
ਪਾਰਟੀ ਨੇ ਇਕ ਦੁਆਨੀ ਨਹੀਂ ਦਿੱਤੀ
ਛੋਟੇਪੁਰ ਨੇ ਕਿਹਾ ਕਿ ਜਦੋਂ ਤੋਂ ਉਹ ''ਆਮ ਆਦਮੀ ਪਾਰਟੀ'' ''ਚ ਸ਼ਾਮਲ ਹੋਏ ਹਨ, ਉਸ ਸਮੇਂ ਤੋਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਲੋਕਾਂ ਲਈ ਹੀ ਖਰਚ ਰਹੇ ਹਨ ਅਤੇ ਪਾਰਟੀ ਵਲੋਂ ਉਨ੍ਹਾਂ ਨੂੰ ਇਕ ਦੁਆਨੀ ਤੱਕ ਨਹੀਂ ਦਿੱਤੀ ਗਈ। ਛੋਟੇਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਇਕੱਠਾ ਕੀਤਾ ਇਹ ਪੈਸਾ ਕਦੇ ਵੀ ਆਪਣੇ ਪਰਿਵਾਰ ਲਈ ਨਹੀਂ ਵਰਤਿਆ ਪਰ ਫਿਰ ਵੀ ਵਾਰ-ਵਾਰ ਪਾਰਟੀ ਨੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨਾਂ ਦੇ ਖਿਲਾਫ ਸਾਜ਼ਿਸ਼ ਵੀ ਉਨ੍ਹਾਂ ਦੇ ਮਿੱਤਰਾਂ ਨੇ ਹੀ ਰਚੀ ਹੈ। 
ਮੈਂ ਪਾਰਟੀ ਨਹੀਂ ਛੱਡਾਂਗਾ
ਛੋਟੇਪੁਰ ਨੇ ਕਿਹਾ ਕਿ ਭਾਵੇਂ ਹੀ ਪਾਰਟੀ ਨੇ ਉਨ੍ਹਾਂ ਨੂੰ ਕੱਢਣ ਦਾ ਫੈਸਲਾ ਲੈ ਲਿਆ ਹੋਵੇ ਪਰ ਇਹ ਪਾਰਟੀ ਉਨ੍ਹਾਂ ਨੇ ਖੂਨ-ਪਸੀਨਾ ਵਹਾ ਕੇ ਬਣਾਈ ਹੈ, ਇਸ ਲਈ ਉਹ ਕਿਸੇ ਵੀ ਹਾਲਤ ''ਚ ਪਾਰਟੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਕਲਿੱਪਾਂ (ਸਟਿੰਗ ਆਪਰੇਸ਼ਨ) ਦੀ ਗੱਲ ਕਰਦੇ ਹਨ ਪਰ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਨੇ ਕਿਹਾ ਕਿ ਮੈਂ ਈਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਪਾਰਟੀ ਨੂੰ ਇਨ੍ਹਾਂ ਬੁਲੰਦੀਆਂ ਤੱਕ ਪਹੁੰਚਾਇਆ ਹੈ। 
 

Babita Marhas

News Editor

Related News