ਓਲੰਪੀਅਨ ਸੋਢੀ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ ਕਾਰਨ ਜਲੰਧਰ ਛਾਉਣੀ ’ਚ ‘ਆਪ’ ਨੂੰ ਹੋਇਆ ਵੱਡਾ ਨੁਕਸਾਨ

06/05/2024 6:47:35 PM

ਜਲੰਧਰ (ਮਹੇਸ਼)- ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ‘ਆਪ’ ਦੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾ ਕੇ ਰਾਜਵਿੰਦਰ ਕੌਰ ਥਿਆੜਾ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਕਾਰਨ ਪਾਰਟੀ ਨੂੰ ਭਾਰੀ ਨੁਕਸਾਨ ਹੋਇਆ ਹੈ। ਜਲੰਧਰ ਸੀਟ ਦੇ ਆਏ ਨਤੀਜਿਆਂ ’ਚ ਇਸ ਹਲਕੇ ਤੋਂ ਪਵਨ ਟੀਨੂੰ ਨੂੰ ਸਿਰਫ਼ 20 ਹਜ਼ਾਰ ਵੋਟਾਂ ਮਿਲੀਆਂ ਹਨ ਅਤੇ 'ਆਪ' ਤੀਜੇ ਨੰਬਰ 'ਤੇ ਰਹੀ ਹੈ, ਜਦਕਿ ਮਈ-2023’ਚ ਹੋਈਆਂ ਲੋਕ ਸਭਾ ਉਪ ਚੋਣ 'ਚ ਸੁਰਿੰਦਰ ਸਿੰਘ ਸੋਢੀ ਛਾਉਣੀ ਹਲਕੇ ਤੋਂ ਸੁਸ਼ੀਲ ਰਿੰਕੂ ਨੂੰ ਵੱਡੀ ਲੀਡ ਦਿਵਾਉਣ ’ਚ ਕਾਮਯਾਬ ਰਹੇ ਸਨ ਤੇ ‘ਆਪ’ ਬਾਕੀ ਪਾਰਟੀਆਂ ਦੇ ਮੁਕਾਬਲੇ ਇਕ ਨੰਬਰ ਤੇ ਰਹੀ ਸੀ।

ਹੁਣ ਕੈਂਟ ਹਲਕੇ ਤੋਂ ਪਵਨ ਟੀਨੂੰ ਦੀ ਚੋਣ ’ਚ ‘ਆਪ’ਨੂੰ ਭਾਜਪਾ ਨਾਲੋਂ ਘੱਟ ਵੋਟਾਂ ਮਿਲੀਆਂ ਹਨ। ਕਾਂਗਰਸ ਪਹਿਲੇ ਨੰਬਰ 'ਤੇ ਅਤੇ ਭਾਜਪਾ ਦੂਜੇ ਨੰਬਰ 'ਤੇ ਰਹੀ ਹੈ, ਜਦੋਂ ਸੋਢੀ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਨ੍ਹਾਂ ਪਾਰਟੀ ਨਹੀਂ ਛੱਡੀ ਸਗੋਂ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਚੋਣ ਪ੍ਰਚਾਰ ਤੋਂ ਦੂਰੀ ਬਣਾ ਲਈ। ਉਨ੍ਹਾਂ ਦੀ ਦੂਰੀ ਕਾਰਨ ‘ਆਪ’ਵਰਕਰਾਂ ਨੇ ਵੀ ਇਸ ਚੋਣ ’ਚ ਕੋਈ ਦਿਲਚਸਪੀ ਨਹੀਂ ਦਿਖਾਈ। ਸੋਢੀ ਦੇ ਕੁਝ ਸਮਰਥਕ 'ਆਪ' ਛੱਡ ਕੇ ਭਾਜਪਾ ਤੇ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਅਜਿਹੇ ’ਚ ਕੈਂਟ 'ਚ 'ਆਪ' ਲਗਾਤਾਰ ਕਮਜ਼ੋਰ ਹੋਣ ਲੱਗੀ ਹੈ। ਇਹ ਵੀ ਪਤਾ ਲੱਗਾ ਹੈ ਕਿ ਵੋਟਾਂ ਵਾਲੇ ਦਿਨ ਕੈਂਟ ਹਲਕੇ ’ਚ ਕਈ ਥਾਵਾਂ ’ਤੇ ‘ਆਪ’ ਦੇ ਬੂਥ ਵੀ ਨਹੀਂ ਲੱਗੇ ਨਾ ਹੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਵਰਕਰਾਂ ਦਾ ਹੌਸਲਾ ਵਧਾਉਣ ਲਈ ਮੌਕੇ ’ਤੇ ਪੁੱਜੇ, ਜਦੋਂ ਨਤੀਜੇ ਐਲਾਨੇ ਗਏ ਤਾਂ ‘ਆਪ’ ਦਾ ਹਰ ਵਰਕਰ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਕੈਂਟ ਹਲਕੇ ਤੋਂ ‘ਆਪ’ ਨੂੰ ਸਿਰਫ਼ 20 ਹਜ਼ਾਰ ਵੋਟਾਂ ਹੀ ਮਿਲੀਆਂ, ਕਿਉਂਕਿ ਕਿਸੇ ਨੂੰ ਵੀ ਅਜਿਹੀ ਉਮੀਦ ਨਹੀਂ ਸੀ। ਬਾਅਦ ’ਚ ਵਰਕਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਸੁਰਿੰਦਰ ਸਿੰਘ ਸੋਢੀ ਨੂੰ ‘ਆਪ’ ਦੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਨਾ ਹਟਾਇਆ ਗਿਆ ਹੁੰਦਾ ਤਾਂ ‘ਆਪ’ ਦਾ ਵੋਟ ਬੈਂਕ ਹੋਰ ਹੋਣਾ ਸੀ। ਇਸ ਸਬੰਧੀ ਜਦੋਂ ਸੋਢੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, DSP ਦੇ ਪੁੱਤ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ, ਦੋ ਹਿੱਸਿਆਂ 'ਚ ਵੰਡੀ ਮਿਲੀ ਲਾਸ਼

ਜਗਬੀਰ ਬਰਾੜ ਦੇ ਸ਼ਾਮਲ ਹੋਣ ’ਤੇ ਵਧਿਆ ਭਾਜਪਾ ਦਾ ਵੋਟ ਬੈਂਕ
ਲੋਕ ਸਭਾ ਚੋਣ ਪ੍ਰਚਾਰ ਦੌਰਾਨ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਕਾਰਨ ਜਲੰਧਰ ਛਾਉਣੀ ਹਲਕੇ ’ਚ ਭਾਜਪਾ ਦਾ ਵੋਟ ਬੈਂਕ ਕੁਝ ਹੀ ਦਿਨਾਂ ’ਚ ਕਾਫੀ ਵਧ ਗਿਆ ਹੈ। ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਬਰਾੜ ਨੇ ਹਲਕੇ ’ਚ ਘਰ-ਘਰ ਜਾ ਕੇ ਚੋਣ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਈ ਲੋਕਾਂ ਨੂੰ ਭਾਜਪਾ ਨਾਲ ਜੋੜਿਆ ਕਿਉਂਕਿ ਉਹ 2007 ’ਚ ਇਸ ਹਲਕੇ ਤੋਂ ਵਿਧਾਇਕ ਬਣੇ ਸਨ ਤੇ ਉਨ੍ਹਾਂ ਦਾ ਹਰ ਵਰਗ ’ਚ ਚੰਗਾ ਪ੍ਰਭਾਵ ਹੈ। ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨਾਲ ਵੀ ਉਨ੍ਹਾਂ ਦੇ ਕਾਫੀ ਚੰਗੇ ਸਬੰਧ ਹਨ, ਜਿਸ ਕਾਰਨ ਉਨ੍ਹਾਂ ਰਿੰਕੂ ਲਈ ਕਾਫੀ ਮਿਹਨਤ ਕੀਤੀ। ਜਲੰਧਰ ਕੈਂਟ ਹਲਕੇ ਤੋਂ ਭਾਜਪਾ 29094 ਵੋਟਾਂ ਹਾਸਲ ਕਰਨ ’ਚ ਕਾਮਯਾਬ ਰਹੀ। ਇੰਨਾ ਹੀ ਨਹੀਂ ਭਾਜਪਾ ਨੂੰ ਦੂਜਾ ਸਥਾਨ ਵੀ ਮਿਲਿਆ, ਜੋ ਪਹਿਲੀ ਵਾਰ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ 5ਵੇਂ ਸਥਾਨ ’ਤੇ
ਜਲੰਧਰ ਛਾਉਣੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ 6ਵੇਂ ਸਥਾਨ ’ਤੇ ਰਿਹਾ। ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਨੂੰ ਪੂਰੇ ਹਲਕੇ ’ਚੋਂ ਸਿਰਫ਼ 5683 ਵੋਟਾਂ ਹੀ ਮਿਲੀਆਂ। ਹਾਲਾਂਕਿ ਅਜਿਹੀ ਉਮੀਦ ਨਹੀਂ ਸੀ ਕਿਉਂਕਿ ਹਲਕੇ ’ਚ ਅਕਾਲੀ ਦਲ ਦਾ ਵੋਟ ਬੈਂਕ ਕਾਫੀ ਜ਼ਿਆਦਾ ਹੈ। ਜਗਬੀਰ ਸਿੰਘ ਬਰਾੜ ਨੇ 2007 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਹਲਕੇ ਤੋਂ 52 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ ਤੇ ਜਦੋਂ ਉਹ 2022 ਦੀਆਂ ਚੋਣਾਂ ’ਚ ਮੁੜ ਅਕਾਲੀ ਦਲ ’ਚ ਸ਼ਾਮਲ ਹੋਏ ਸਨ ਤੇ ਕਿਸਾਨ ਅੰਦੋਲਨ ਜਾਰੀ ਸੀ ਤਾਂ ਵੀ ਬਰਾੜ ਨੂੰ 27 ਹਜ਼ਾਰ ਦੇ ਕਰੀਬ ਵੋਟਾਂ ਪਈਆਂ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਵੀ 2024 ਦੀਆਂ ਚੋਣਾਂ ’ਚ ਬਸਪਾ ਨਾਲੋਂ ਘੱਟ ਵੋਟਾਂ ਮਿਲਣ ’ਤੇ ਕਾਫੀ ਹੈਰਾਨ ਹਨ। ਬਸਪਾ ਦੇ ਬਲਵਿੰਦਰ ਕੁਮਾਰ 6590 ਵੋਟਾਂ ਲੈ ਕੇ ਚੌਥੇ ਸਥਾਨ 'ਤੇ ਰਹੇ। ਕੁੱਲ ਮਿਲਾ ਕੇ ਕਾਂਗਰਸ ਨੂੰ ਪਹਿਲਾ, ਭਾਜਪਾ ਨੂੰ ਦੂਜਾ, ‘ਆਪ’ਨੂੰ ਤੀਜਾ, ਬਸਪਾ ਨੂੰ ਚੌਥਾ ਅਤੇ ਅਕਾਲੀ ਦਲ ਨੂੰ 5ਵਾਂ ਸਥਾਨ ਮਿਲਿਆ।

ਇਹ ਵੀ ਪੜ੍ਹੋ- ਪੰਜਾਬ 'ਚ ਜਲੰਧਰ ਸਣੇ ਇਨ੍ਹਾਂ 5 ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਪੜ੍ਹੋ ਪੂਰਾ ਵੇਰਵਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News