ਆਪ ਵਿਧਾਇਕ ਬਲਕਾਰ ਸਿੱਧੂ ਨੇ ਆਪ ਪਾਰਟੀ ਨੂੰ ਵੋਟ ਨਾ ਪਾਉਣ ਦੀ ਕੀਤੀ ਅਪੀਲ? ਪੁਰਾਣੀ ਵੀਡੀਓ ਵਾਇਰਲ

Thursday, May 30, 2024 - 01:29 PM (IST)

ਆਪ ਵਿਧਾਇਕ ਬਲਕਾਰ ਸਿੱਧੂ ਨੇ ਆਪ ਪਾਰਟੀ ਨੂੰ ਵੋਟ ਨਾ ਪਾਉਣ ਦੀ ਕੀਤੀ ਅਪੀਲ? ਪੁਰਾਣੀ ਵੀਡੀਓ ਵਾਇਰਲ

ਸੋਸ਼ਲ ਮੀਡਿਆ ਤੇ ਪੰਜਾਬੀ ਲੋਕ ਗਾਇਕ ਅਤੇ ਬਠਿੰਡਾ ਦੇ ਰਾਮਪੁਰਾ ਫੁਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲਕਾਰ ਸਿੱਧੂ ਆਪਣੀ ਆਮ ਆਦਮੀ ਪਾਰਟੀ ਖ਼ਿਲਾਫ਼ ਬੋਲ ਰਹੇ ਹਨ ਅਤੇ ਪੰਜਾਬ ਵਾਸੀਆਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕਰ ਰਹੇ ਹਨ।

Fact Check/Verification

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਸਾਨੂੰ ਵੀਡੀਓ 'ਤੇ ਏਬੀਪੀ ਦਾ ਲੋਗੋ ਦਿਖਾਈ ਦਿੱਤਾ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਏਬੀਪੀ ਸਾਂਝਾ ਦੇ ਯੂਟਿਊਬ ਚੈੱਨਲ 'ਤੇ ਲੱਭਿਆ।

ਸਾਨੂੰ ਵਾਇਰਲ ਵੀਡੀਓ ਦਾ ਪੂਰਾ ਹਿੱਸਾ ਏਬੀਪੀ ਸਾਂਝਾ ਦੇ ਯੂਟਿਊਬ ਚੈਨਲ 'ਤੇ 9 ਫਰਵਰੀ 2016 ਨੂੰ ਅਪਲੋਡ ਹੋਇਆ ਮਿਲਿਆ, ਜਿਸ ਦਾ ਕੈਪਸ਼ਨ ਸੀ, 'ਆਮ ਆਦਮੀ ਪਾਰਟੀ 'ਤੇ ਵਰ੍ਹੇ ਬਲਕਾਰ ਸਿੱਧੂ'

ਵਾਇਰਲ ਵੀਡੀਓ ਨੂੰ 2 ਮਿੰਟ 44 ਸਕਿੰਟ ਤੋਂ ਲੈ ਕੇ 3 ਮਿੰਟ 18 ਸਕਿੰਟ ਤਕ ਸੁਣਿਆ ਜਾ ਸਕਦਾ ਹੈ। ਬਲਕਾਰ ਸਿੱਧੂ ਕਹਿੰਦੇ ਹਨ, 'ਜਿਹੜਾ ਕਹਿੰਦਾ ਹੈ ਕਿ ਅਸੀਂ ਪੰਜਾਬ ਵਿੱਚ ਸਫ਼ਾਈ ਕਰਾਂਗੇ, ਇਹ ਝਾੜੂ ਨੇ ਤਾਂ ਆਪ ਹੀ ਗੰਦ ਪਾ ਦੇਣਾ ਏ। ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਨ੍ਹਾਂ ਵਿੱਚੋਂ ਜਿਹੜੇ ਆਏ ਹੋਏ ਨੇ 'ਆਪ' ਨੇਤਾ, ਉਹ ਪੰਜਾਬ ਵਿੱਚ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਕਬਜ਼ਾ ਨਾ ਹੋਣ ਦਿਓ।'

ਏਬੀਪੀ ਸਾਂਝਾ ਨੇ ਆਪਣੇ ਫੇਸਬੁੱਕ ਪੇਜ 'ਤੇ ਵੀ ਇਸ ਵੀਡੀਓ ਨੂੰ 9 ਫਰਵਰੀ 2016 ਨੂੰ ਸ਼ੇਅਰ ਕੀਤਾ ਸੀ।

ਇਸ ਦੇ ਨਾਲ ਹੀ ਅਸੀਂ ਪਾਇਆ ਕਿ ਵੀਡੀਓ ਵਿੱਚ ਰਿਪੋਰਟਰ ਯਾਦਵਿੰਦਰ ਸਿੰਘ ਹਨ, ਜੋ ਇਸ ਸਮੇਂ ਪ੍ਰੋ-ਪੰਜਾਬ ਟੀਵੀ ਦੇ ਡਾਇਰੈਕਟਰ ਹਨ। ਏਬੀਪੀ ਤੋਂ ਬਾਅਦ ਉਹ ਲੰਬਾ ਸਮਾਂ ਨਿਊਜ਼ 18 ਪੰਜਾਬ ਨਾਲ ਵੀ ਜੁੜੇ ਰਹੇ ਸਨ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਇਹ ਵੀਡੀਓ ਤਕਰੀਬਨ 7 ਸਾਲ ਪੁਰਾਣੀ ਹੈ, ਜਦੋਂ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਸਨ। ਗੌਰਤਲਬ ਹੈ ਸਾਲ 2014 ਦੇ ਵਿੱਚ ਬਲਕਾਰ ਸਿੰਘ ਸਿਧੂ ਨੂੰ 'ਆਪ' ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਸਾਲ 2016 ਵਿੱਚ ਬਲਕਾਰ ਸਿੱਧੂ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਸਾਲ 2021 ਦੇ ਵਿੱਚ ਬਲਕਾਰ ਸਿੱਧੂ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044


author

rajwinder kaur

Content Editor

Related News