ਇੰਗਲੈਂਡ ''ਚ ਸਭ ਤੋਂ ਛੋਟੀ ਉਮਰ ''ਚ ਬਣਿਆ ਸਬ ਜਜ ਸਨਮਾਨਿਤ
Saturday, Jan 06, 2018 - 12:53 PM (IST)
ਲੁਧਿਆਣਾ (ਪਾਲੀ) : ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਸ. ਸੁਰਿੰਦਰ ਸਿੰਘ ਬੰਟੀ ਨੇ ਕਿਹਾ ਕਿ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਅਮਰਜੀਤ ਸਿੰਘ ਗੁਲਸ਼ਨ ਦੇ ਹੋਣਹਾਰ ਸਪੁੱਤਰ ਜਸਕੀਰਤ ਸਿੰਘ ਗੁਲਸ਼ਨ ਦਾ ਇੰਗਲੈਂਡ ਦੇ ਸਭ ਤੋਂ ਛੋਟੀ ਉਮਰ ਦਾ ਸਿੱਖ ਸਬ-ਜੱਜ ਬਣਨਾ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਅੱਜ ਸਥਾਨਕ ਗਿੱਲ ਰੋਡ ਵਿਖੇ ਸਥਿਤ ਗੁਰੂ ਨਾਨਕ ਸੇਵਾ ਮਿਸ਼ਨ ਦੇ ਦਫ਼ਤਰ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਇਕੱਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਸਥਾ ਦੇ ਮੈਂਬਰਾਂ ਨਾਲ ਆਪਣੇ ਵਿਚਾਰਾਂ ਨੂੰ ਸਾਂਝਾ ਕਰਦਿਆਂ ਸ. ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਸਮੁੱਚੇ ਸੰਸਾਰ ਅੰਦਰ ਸਿੱਖੀ ਦਾ ਝੰਡਾ ਬੁਲੰਦ ਕਰਨ ਵਾਲੇ ਅੰਮ੍ਰਿਤਧਾਰੀ ਜਸਕੀਰਤ ਸਿੰਘ ਗੁਲਸ਼ਨ ਮੌਜੂਦਾ ਸਮੇਂ ਦੀ ਸਿੱਖ ਨੌਜਵਾਨ ਦੀ ਪੀੜ੍ਹੀ ਲਈ ਇਕ ਰੋਲ ਮਾਡਲ ਹਨ, ਜਿਨ੍ਹਾਂ ਸੰਨ 2015 ਦੌਰਾਨ 23 ਸਾਲ ਦੀ ਉਮਰ 'ਚ ਲੰਡਨ ਯੂਨੀਵਰਸਿਟੀ ਆਫ ਲਾਅ ਤੋਂ ਬੈਰਿਸਟਰ ਦੀ ਡਿਗਰੀ ਹਾਸਲ ਕੀਤੀ, ਜਿਸ ਤੋਂ ਬਾਅਦ ਉਹ ਹੁਣ ਸਬ-ਜੱਜ ਦੇ ਰੂਪ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਤੇ 4 ਸਾਲ ਉਪਰੰਤ ਉਹ ਸੰਪੂਰਨ ਰੂਪ 'ਚ ਬਤੌਰ ਸਿੱਖ ਜੱਜ ਦੇ ਰੂਪ ਵਜੋਂ ਆਪਣੀਆਂ ਸੇਵਾਵਾਂ ਦੇਣਗੇ। ਇਸ ਦੌਰਾਨ ਅੰਮ੍ਰਿਤਧਾਰੀ ਜਸਕੀਰਤ ਸਿੰਘ ਗੁਲਸ਼ਨ ਨੇ ਕਿਹਾ ਕਿ ਇੰਗਲੈਂਡ ਦੀ ਧਰਤੀ ਵਿਖੇ ਪਹਿਲਾਂ ਬੈਰਿਸਟਰ ਬਣਨਾ ਤੇ ਹੁਣ ਸਬ-ਜੱਜ ਦੇ ਰੂਪ ਵਜੋਂ ਆਪਣੀਆਂ ਸੇਵਾਵਾਂ ਦੇਣਾ ਸਭ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਇਸ ਮੌਕੇ ਸੇਵਾ ਮਿਸ਼ਨ ਵਲੋਂ ਜਸਕੀਰਤ ਸਿੰਘ ਗੁਲਸ਼ਨ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
