ਖੁੱਲ੍ਹਣ ਲੱਗੀਆਂ ਡੇਰਾ ਪ੍ਰੇਮੀ ਦੇ ਕਤਲਕਾਂਡ ਦੀਆਂ ਪਰਤਾਂ, ਬਠਿੰਡਾ ਦੇ ਸਬ-ਇੰਸਪੈਕਟਰ ਦਾ ਮੁੰਡਾ ਪੁਲਸ ਹਿਰਾਸਤ 'ਚ

Monday, Nov 14, 2022 - 03:13 PM (IST)

ਖੁੱਲ੍ਹਣ ਲੱਗੀਆਂ ਡੇਰਾ ਪ੍ਰੇਮੀ ਦੇ ਕਤਲਕਾਂਡ ਦੀਆਂ ਪਰਤਾਂ, ਬਠਿੰਡਾ ਦੇ ਸਬ-ਇੰਸਪੈਕਟਰ ਦਾ ਮੁੰਡਾ ਪੁਲਸ ਹਿਰਾਸਤ 'ਚ

ਬਠਿੰਡਾ (ਕੁਨਾਲ ਬਾਂਸਲ) : ਬੀਤੇ ਦਿਨੀਂ ਕੋਟਕਪੂਰਾ 'ਚ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਪ੍ਰੇਮੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਇਸ ਕਤਲਕਾਂਡ 'ਚ ਬਠਿੰਡਾ 'ਚ ਤਾਇਨਾਤ ਪੁਲਸ ਦੇ ਸਬ-ਇੰਸਪੈਕਟਰ ਦੇ ਮੁੰਡੇ ਦਾ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਦੇ ਮੁੰਡੇ ਨੇ ਡੇਰਾ ਪ੍ਰੇਮੀ ਦੇ ਕਾਤਲਾਂ ਨਾਲ ਫੋਨ 'ਤੇ ਗੱਲ ਕਰਕੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਵਾਇਆ ਸੀ। ਜਾਣਕਾਰੀ ਮੁਤਾਬਕ ਪੁਲਸ ਵੱਲੋਂ ਸਬ-ਇੰਸਪੈਕਟਰ ਦੇ ਮੁੰਡੇ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲ ਕਰਦਿਆਂ ਸਬ-ਇੰਸਪੈਕਟਰ ਨੇ ਕਿਹਾ ਕਿ ਮੇਰੇ ਮੁੰਡੇ ਦਾ ਇਸ ਕਤਲਕਾਂਡ 'ਚ ਕੋਈ ਹੱਥ ਨਹੀਂ।

ਇਹ ਵੀ ਪੜ੍ਹੋ- ਗੁਰਾਇਆ ’ਚ ਦਿਲ ਕੰਬਾਊ ਵਾਰਦਾਤ, ਵੱਟ ਦੇ ਰੌਲੇ ’ਚ ਕਹੀਆਂ ਮਾਰ-ਮਾਰ ਕਿਸਾਨ ਦਾ ਕਤਲ

ਸਬ-ਇੰਸਪੈਕਟਰ ਮੁਤਾਬਕ ਉਸ ਦੇ ਮੁੰਡੇ ਨੂੰ ਕਿਸੇ ਦੋਸਤ ਦਾ ਫੋਨ ਆਇਆ ਸੀ ਕਿ ਉਸਦੇ ਕੁਝ ਦੋਸਤ ਦਿੱਲੀ ਤੋਂ ਆ ਰਹੇ ਹਨ ਅਤੇ ਉਹ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰ ਦੇਵੇ। ਫਿਲਹਾਲ ਬਠਿੰਡਾ ਦੇ ਐੱਸ. ਐੱਸ. ਪੀ. ਨੇ ਇਸ ਮਾਮਲੇ 'ਚ ਕੋਈ ਪੁਸ਼ਟੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੋਟਕਪੂਰਾ ਵਿੱਚ 6 ਮੋਟਰਸਾਈਕਲ ਸਵਾਰਾਂ ਵੱਲੋਂ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦਿੱਲੀ ਪੁਲਸ ਵੱਲੋਂ ਹੁਣ ਤੱਕ 3 ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਪੁਲਸ ਵੱਲੋਂ ਸਖ਼ਤੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਪਰਿਵਾਰ ਨੂੰ ਇਨਸਾਫ਼ ਜ਼ਰੂਰ ਦਿੱਤਾ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
 


author

Simran Bhutto

Content Editor

Related News