ਸਬ-ਇੰਸਪੈਕਟਰ ਸੰਦੀਪ ਕੌਰ ਦੀ ਗ੍ਰਿਫ਼ਤਾਰੀ 'ਚ ਲੱਗੀ ਪੁਲਸ, ਪਨਾਹ ਦੇਣ ਵਾਲਿਆਂ ਦੇ ਨਾਂ ਆਏ ਸਾਹਮਣੇ
Wednesday, Oct 21, 2020 - 06:10 PM (IST)
ਅੰਮ੍ਰਿਤਸਰ (ਅਰੁਣ) : ਬੀਤੇ ਦਿਨੀਂ ਨਵਾਂ ਪਿੰਡ ਵਾਸੀ ਸੁਨਿਆਰੇ ਵਿਕਰਮਜੀਤ ਸਿੰਘ ਅਤੇ ਉਸਦੀ ਪਤਨੀ ਸੁਖਬੀਰ ਕੌਰ ਵੱਲੋਂ ਕੀਤੀ ਗਈ ਆਤਮਹੱਤਿਆ ਦੇ ਮਾਮਲੇ 'ਚ ਭਗੌੜੀ ਚੱਲਦੀ ਆ ਰਹੀ ਸਬ-ਇੰਸਪੈਕਟਰ ਸੰਦੀਪ ਕੌਰ ਦੀ ਜਲਦ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਜੰਗੀ ਪੱਧਰ 'ਤੇ ਛਾਪਾਮਾਰੀ 'ਚ ਜੁਟੀਆਂ ਹੋਈਆਂ ਹਨ। ਇਸ ਸਬੰਧੀ ਪੁਲਸ ਵੱਲੋਂ ਇਕ ਵਿਸ਼ੇਸ਼ ਜਾਂਚ ਟੀਮ ਐੱਸ. ਪੀ. ਡੀ. ਗੌਰਵ ਤੁਰਾ ਆਈ. ਪੀ. ਐੱਮ. ਦੀ ਅਗਵਾਈ 'ਚ ਬਣਾਈ ਗਈ ਹੈ। ਪੁਲਸ ਵੱਲੋਂ ਚੱਲ ਰਹੀ ਜਾਂਚ ਦੌਰਾਨ ਭਗੌੜੀ ਸਬ-ਇੰਸਪੈਕਟਰ ਨੂੰ ਪਨਾਹ ਦੇਣ ਵਾਲੇ ਪੁਲਸ ਦੇ ਇਕ ਸਿਪਾਹੀ ਸਮੇਤ ਉਸਦੇ ਦੇ ਦੋ ਹੋਰ ਰਿਸ਼ਤੇਦਾਰਾਂ ਦੇ ਨਾਂ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਘਰ 'ਚ ਵੜ ਕੇ ਕਤਲ ਕੀਤੇ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਜ਼ਿਲ੍ਹਾ ਦਿਹਾਤੀ ਪੁਲਸ ਮੁਖੀ ਧਰੁਵ ਦਹੀਆ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਬ-ਇੰਸਪੈਕਟਰ ਸੰਦੀਪ ਕੌਰ ਜੋ ਆਪਣੇ ਖ਼ਿਲਾਫ਼ ਦਰਜ 306 ਦੇ 2 ਵੱਖ-ਵੱਖ ਮਾਮਲਿਆਂ ਮਗਰੋਂ ਭਗੌੜੀ ਚੱਲ ਰਹੀ ਸੀ, ਨੂੰ ਕਾਨੂੰਨ ਤੋਂ ਬਚਾਉਣ ਲਈ ਸਿਪਾਹੀ ਗਗਨਦੀਪ ਸਿੰਘ ਵਾਸੀ ਗ੍ਰੀਨ ਸਿਟੀ ਅਜਨਾਲਾ ਰੋਡ ਵੱਲੋਂ ਆਪਣੇ ਘਰ 'ਚ ਪਨਾਹ ਦਿੱਤੀ ਗਈ ਸੀ, ਜੋ ਇਕ-ਦੋ ਦਿਨ ਉਸ ਦੇ ਘਰ ਹੀ ਰਹੀ। ਸਿਪਾਹੀ ਗਗਨਦੀਪ ਸਿੰਘ, ਜੋ ਅੰਮ੍ਰਿਤਸਰ ਸਿਟੀ ਪੁਲਸ ਸੀ. ਆਰ. ਸੀ. ਬ੍ਰਾਂਚ 'ਚ ਨੌਕਰੀ ਕਰਦਾ ਹੈ, ਵੱਲੋਂ ਪੁਲਸ ਨੂੰ ਸੰਦੀਪ ਕੌਰ ਬਾਰੇ ਇਤਲਾਹ ਨਹੀਂ ਦਿੱਤੀ ਗਈ, ਜਿਸ ਨੂੰ ਸਸਪੈਂਡ ਕਰਨ ਲਈ ਆਈ. ਪੀ. ਐੱਸ. ਧਰੁਵ ਦਹੀਆ ਵੱਲੋਂ ਸਿਫ਼ਾਰਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : ਬਰਨਾਲਾ ਪੁਲਸ ਨੇ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਸਬ-ਇੰਸਪੈਕਟਰ, ਜਾਣੋ ਕੀ ਹੈ ਪੂਰਾ ਮਾਮਲਾ
ਅਜੈਬਵਾਲੀ ਪਿੰਡ ਵਾਸੀ ਸੁਖਜੀਤ ਸਿੰਘ, ਜੋ ਸੰਦੀਪ ਕੌਰ ਦੀ ਮਾਸੀ ਦਾ ਲੜਕਾ ਹੈ, ਵੱਲੋਂ ਵੀ ਸੰਦੀਪ ਕੌਰ ਅਤੇ ਉਸਦੇ ਭਰਾ ਸਮਸ਼ੇਰ ਸਿੰਘ ਨੂੰ ਪਨਾਹ ਦਿੱਤੀ ਗਈ ਸੀ। ਇਸੇ ਤਰ੍ਹਾਂ ਪਿੰਡ ਛੀਨਾ ਵਾਸੀ ਕੁਲਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ, ਜੋ ਸੰਦੀਪ ਕੌਰ ਦੀ ਮਾਸੀ ਦਾ ਲੜਕਾ ਹੈ, ਵੱਲੋਂ ਸੰਦੀਪ ਕੌਰ ਦੀ ਦੇਖਭਾਲ ਕੀਤੀ ਗਈ ਸੀ। ਦੱਸਣਯੋਗ ਹੈ ਕਿ ਸੰਦੀਪ ਕੌਰ ਦੀ ਗ੍ਰਿਫਤਾਰੀ 'ਚ ਢਿੱਲ ਵਰਤਣ ਸਬੰਧੀ ਡੀ. ਐੱਸ. ਪੀ. ਜੰਡਿਆਲਾ ਸੁਖਵਿੰਦਰਪਾਲ ਸਿੰਘ ਦੀ ਵਿਭਾਗੀ ਜਾਂਚ ਸ਼ੁਰੂ ਕਰਨ ਤੋਂ ਇਲਾਵਾ ਥਾਣਾ ਮਹਿਤਾ ਮੁਖੀ ਇੰਸਪੈਕਟਰ ਸਤਪਾਲ ਸਿੰਘ ਨੂੰ ਪਹਿਲਾਂ ਹੀ ਸਸਪੈਂਡ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਮਹਿਕਮੇ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ