ਪੰਜਾਬੀਆਂ ਦਾ ਪੰਜਾਬੀ ਤੋਂ ਹੋ ਰਿਹੈ ਮੋਹ ਭੰਗ, ਨਹੀਂ ਕਰਨਾ ਚਾਹੁੰਦੇ ਪੰਜਾਬੀ ''ਚ ਐੱਮ. ਏ.

Saturday, Dec 14, 2019 - 11:18 AM (IST)

ਪੰਜਾਬੀਆਂ ਦਾ ਪੰਜਾਬੀ ਤੋਂ ਹੋ ਰਿਹੈ ਮੋਹ ਭੰਗ, ਨਹੀਂ ਕਰਨਾ ਚਾਹੁੰਦੇ ਪੰਜਾਬੀ ''ਚ ਐੱਮ. ਏ.

ਜਲੰਧਰ (ਯੂ. ਐੱਨ. ਆਈ)— ਪੰਜਾਬ ਸਰਕਾਰ ਅਤੇ ਹੋਰ ਸਵੈ-ਸੇਵੀ ਸੰਸਥਾਵਾਂ ਵੱਲੋਂ ਸੂਬੇ 'ਚ ਪੰਜਾਬੀ ਭਾਸ਼ਾ ਨੂੰ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਕਈ ਤਰ੍ਹਾਂ ਦੇ ਉਪਰਾਲਿਆਂ ਦੇ ਬਾਵਜੂਦ ਜਲੰਧਰ ਦੇ ਸਾਰੇ ਕਾਲਜਾਂ 'ਚ ਪੰਜਾਬੀ ਵਿਸ਼ੇ 'ਚ ਐੱਮ. ਏ. ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਜਲੰਧਰ ਦੇ ਹੰਸਰਾਜ ਮਹਿਲਾ ਵਿਦਿਆਲਿਆ (ਐੱਚ. ਐੱਮ. ਵੀ.) ਕਾਲਜ 'ਚ ਪੰਜਾਬੀ ਐੱਮ. ਏ. ਦੇ ਪਹਿਲੇ ਸਾਲ 'ਚ 11 ਵਿਦਿਆਰਥੀ ਅਤੇ ਦੂਜੇ ਸਾਲ 'ਚ 7, ਲੱਧੇਵਾਲੀ ਰੀਜਨਲ ਕੈਂਪਸ 'ਚ ਪਹਿਲੇ ਸਾਲ 'ਚ 3 ਅਤੇ ਦੂਜੇ ਸਾਲ 'ਚ 6 ਵਿਦਿਆਰਥੀ ਅਤੇ ਡੀ. ਏ. ਵੀ. ਕਾਲਜ 'ਚ ਐੱਮ. ਏ. ਪਹਿਲੇ ਸਾਲ 'ਚ 3 ਅਤੇ ਦੂਜੇ ਸਾਲ 'ਚ 9 ਸਟੂਡੈਂਟਸ ਹਨ, ਜਦੋਂਕਿ ਕੁਝ ਕਾਲਜਾਂ ਨੇ ਐੱਮ. ਏ. ਪੰਜਾਬੀ ਦੀਆਂ ਕਲਾਸਾਂ ਬੰਦ ਕਰਨ ਦਾ ਫੈਸਲਾ ਲਿਆ ਹੈ।

ਐੱਚ. ਐੱਮ. ਵੀ. ਕਾਲਜ ਦੀ ਪ੍ਰਿੰ. ਅਜੇ ਸਰੀਨ ਅਤੇ ਪੰਜਾਬੀ ਦੀ ਲੈਕਚਰਾਰ ਕੁਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਪੰਜਾਬੀ ਦੀ ਐੱਮ. ਏ. 'ਚ ਦਾਖਲਾ ਲੈਣ ਲਈ ਪ੍ਰੀਖਿਆ ਲਈ ਜਾਂਦੀ ਸੀ ਅਤੇ ਮੈਰਿਟ ਦੇ ਆਧਾਰ 'ਤੇ ਬੱਚਿਆਂ ਨੂੰ ਐੱਮ. ਏ. ਪੰਜਾਬੀ 'ਚ ਦਾਖਲਾ ਦਿੱਤਾ ਜਾਂਦਾ ਸੀ ਪਰ ਹੁਣ ਕਈ ਤਰ੍ਹਾਂ ਦੀ ਸਲਾਰਸ਼ਿਪ ਅਤੇ ਮਾਮੂਲੀ ਫੀਸ ਦੇ ਬਾਵਜੂਦ ਸਟੂਡੈਂਟਸ ਪੰਜਾਬੀ 'ਚ ਐੱਮ. ਏ. ਨਹੀਂ ਕਰਨਾ ਚਾਹੁੰਦੇ।

PunjabKesari

ਉਨ੍ਹਾਂ ਦੱਸਿਆ ਕਿ ਪੰਜਾਬੀ 'ਚ ਐੱਮ. ਏ. ਕਰਨ ਤੋਂ ਬਾਅਦ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ ਅਤੇ ਸਭ ਥਾਵਾਂ 'ਤੇ ਹਿੰਦੀ ਅਤੇ ਅੰਗਰੇਜ਼ੀ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਸਕੂਲਾਂ 'ਚ ਵੀ ਇੰਗਲਿਸ਼ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ, ਜਿਸ ਕਾਰਨ ਸਟੂਡੈਂਟਸ ਪੰਜਾਬੀ ਭਾਸ਼ਾ ਤੋਂ ਮੋਹ ਮੋੜ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਜ਼ਿਆਦਾਤਰ ਬੱਚਿਆਂ ਦਾ ਰੁਝਾਨ ਵਿਦੇਸ਼ਾਂ ਵੱਲ ਜਾਣ ਦਾ ਹੈ, ਜਿਸ ਕਾਰਨ ਉਨ੍ਹਾਂ ਦਾ ਝੁਕਾਅ ਇੰਗਲਿਸ਼ ਵੱਲ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਨਸੀਹਤ ਦਿੰਦੇ ਕਿਹਾ ਕਿ ਜੇਕਰ ਪੰਜਾਬ 'ਚ ਪੰਜਾਬੀ ਭਾਸ਼ਾ ਨੂੰ ਬਚਾਉਣਾ ਹੈ ਕਿ ਪੰਜਾਬੀ 'ਚ ਐੱਮ. ਏ. ਕਰਨ ਵਾਲੇ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਹੋਵੇਗਾ।

ਪੰਜਾਬੀ 'ਚ ਪੋਸਟ ਗ੍ਰੈਜੂਏਟ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਪੰਜਾਬੀ ਭਾਸ਼ਾ 'ਚ ਐੱਮ. ਏ. ਕਰ ਰਹੇ ਹਨ ਪਰ ਉਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲੇਗਾ। ਪੰਜਾਬ ਸਰਕਾਰ ਨੂੰ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਦੀ ਐੱਮ. ਏ. ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਇਸ 'ਚ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ। ਸਭ ਥਾਵਾਂ 'ਤੇ ਐਂਟਰੈਂਸ ਟੈਸਟ ਜਾਂ ਕਿਸੇ ਮੁਕਾਬਲੇ 'ਚ ਪੰਜਾਬੀ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ ਅਤ ਸਮਾਜ 'ਚ ਵੀ ਐੱਮ. ਏ. ਪੰਜਾਬੀ ਕਰਨ ਵਾਲਿਆਂ ਨੂੰ ਸਨਮਾਨ ਨਹੀਂ ਦਿੱਤਾ ਜਾਂਦਾ।


author

shivani attri

Content Editor

Related News