ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਬੋਰਡ ਨੇ ਕੀਤੀਆਂ ਕੁਝ ਤਬਦੀਲੀਆਂ

Friday, Aug 27, 2021 - 10:56 AM (IST)

ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਬੋਰਡ ਨੇ ਕੀਤੀਆਂ ਕੁਝ ਤਬਦੀਲੀਆਂ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਚਾਲੂ ਵਿੱਦਿਅਕ ਵਰ੍ਹੇ ਦੌਰਾਨ ਵਿਸ਼ਿਆਂ ਦੇ ਸੁਮੇਲ ਨੂੰ ਲੈ ਕੇ ਕੁਝ ਤਬਦੀਲੀਆਂ ਕੀਤੀਆਂ ਹਨ, ਜਿਸ ਕਰਕੇ ਪਿਛਲੇ ਸਾਲ 11ਵੀਂ ਜਮਾਤ ਵਿਚ ਕੁਝ ਵਿਸ਼ੇਸ਼ ਵਿਸ਼ੇ ਪੜ੍ਹਨ ਵਾਲੇ ਵਿਦਿਆਰਥੀ ਸਿੱਖਿਆ ਬੋਰਡ ਦੇ ਇਸ ਫ਼ੈਸਲੇ ਨਾਲ ਸ਼ਸ਼ੋਪੰਜ ਵਿਚ ਪੈ ਗਏ ਸਨ। ਉਨ੍ਹਾਂ ਵਿਦਿਆਰਥੀਆਂ ਦੇ ਸੰਕਟ ਨੂੰ ਦੂਰ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਫ਼ੈਸਲਾ ਲਿਆ ਹੈ ਕਿ ਇਸ ਵਿੱਦਿਅਕ ਸਾਲ ਵਿਚ ਇਨ੍ਹਾਂ ਵਿਸ਼ੇਸ਼ ਵਿਸ਼ਿਆਂ ਵਾਲੇ ਵਿਦਿਆਰਥੀ ਉਹ ਵਿਸ਼ੇ ਇਕੱਠੇ ਪੜ੍ਹ ਸਕਣਗੇ।

ਇਹ ਵੀ ਪੜ੍ਹੋ : ਉਗਰਾਹਾਂ ਵੱਲੋਂ ਸਿਆਸੀ ਪਾਰਟੀਆਂ ’ਤੇ ਹਮਲੇ, ਹਰਪਾਲ ਚੀਮਾ ਦੇ ਮੰਚ ’ਤੇ ਬੈਠਦਿਆਂ ਹੀ ਉਗਰਾਹਾਂ ਹੋਏ ਪਾਸੇ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਪਿਛਲੇ ਸਾਲ ਕਮਰਸ਼ੀਅਲ ਆਰਟਸ ਵਿਚ ਜਿਨ੍ਹਾਂ ਵਿਦਿਆਰਥੀਆਂ ਨੇ 11ਵੀਂ ਜਮਾਤ ਵਿਚ ਅਰਥ ਸ਼ਾਸਤਰ, ਬਿਜ਼ਨੈੱਸ ਸਟੱਡੀਜ਼ ਅਤੇ ਅਕਾਊਂਟੈਂਸੀ ਵਿਸ਼ੇ ਇਕੱਠੇ ਪੜ੍ਹੇ ਹਨ ਅਤੇ ਹੁਣ ਉਨ੍ਹਾਂ ਨੇ ਪਾਸ ਹੋਣ ਤੋਂ ਬਾਅਦ 12ਵੀਂ ਜਮਾਤ ਵਿਚ ਦਾਖ਼ਲਾ ਲਿਆ ਹੈ, ਉਹ 12ਵੀਂ ਜਮਾਤ ਵਿਚ ਵੀ ਆਪਣੇ ਪਹਿਲਾਂ ਵਾਲੇ ਵਿਸ਼ੇ ਇਕੱਠੇ ਪੜ੍ਹ ਸਕਣਗੇ। ਡਾ. ਯੋਗਰਾਜ ਨੇ ਦੱਸਿਆ ਕਿ 12ਵੀਂ ਜਮਾਤ ਲਈ ਬੋਰਡ ਨੇ ਵਿਸ਼ਿਆਂ ਦੇ ਸੁਮੇਲ ਨੂੰ ਲੈ ਕੇ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਹਦਾਇਤਾਂ ਅਨੁਸਾਰ 12ਵੀਂ ਜਮਾਤ ਵਿਚ ਇਸ ਸਟਰੀਮ ਵਿਚ ਉਪਰੋਕਤ ਤਿੰਨ ਵਿਸ਼ਿਆਂ ਵਿਚੋਂ ਵਿਦਿਆਰਥੀ ਕੋਈ ਇਕ ਵਿਸ਼ਾ ਹੀ ਲੈ ਕੇ ਪੜ੍ਹਾਈ ਕਰ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਵਿਚ ਬਗਾਵਤ ਦਰਮਿਆਨ ਪ੍ਰਨੀਤ ਕੌਰ ਦਾ ਨਵਜੋਤ ਸਿੱਧੂ ’ਤੇ ਵੱਡਾ ਬਿਆਨ

ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਨੂੰ ਲੈ ਕੇ ਸਕੂਲ ਅਤੇ ਵਿਦਿਆਰਥੀ ਸ਼ਸ਼ੋਪੰਜ ਵਿਚ ਪੈ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਇਸ ਲਈ ਸਪੱਸ਼ਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਵਿਦਿਆਰਥੀ ਵਿੱਦਿਅਕ ਸਾਲ 2020-2021 ਵਿਚ 11ਵੀਂ ਜਮਾਤ ਵਿਚ ਕਮਰਸ਼ੀਅਲ ਆਰਟਸ ਵਿਚ ਅਰਥ ਸ਼ਾਸਤਰ, ਬਿਜ਼ਨੈੱਸ ਸਟੱਡੀਜ਼ ਅਤੇ ਅਕਾਊਂਟੈਂਸੀ ਵਿਸ਼ੇ ਪੜ੍ਹੇ ਹਨ ਅਤੇ 11ਵੀਂ ਜਮਾਤ ਪਾਸ ਕਰ ਲਈ ਹੈ ਅਤੇ ਹੁਣ ਉਹ 12ਵੀਂ ਜਮਾਤ ਵਿਚ ਪ੍ਰਮੋਟ ਹੋ ਗਏ ਹਨ, ਉਹ 12ਵੀਂ ਜਮਾਤ ਵਿਚ ਵੀ ਇਹ ਤਿੰਨੋਂ ਵਿਸ਼ੇ ਇਕੱਠੇ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਛੇਤੀ ਹੀ ਨਵੀਆਂ ਹਦਾਇਤਾਂ ਸਿੱਖਿਆ ਬੋਰਡ ਦੀ ਵੈੱਬਸਾਈਟ ਉੱਤੇ ਅਪਲੋਡ ਕੀਤੀਆਂ ਜਾ ਰਹੀਆਂ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News