ਲੁਧਿਆਣਾ ''ਚ ਬੋਰਡ ਪ੍ਰੀਖਿਆ ਦੇਣ ਗਈ ਕੁੜੀ ਭੇਤਭਰੀ ਹਾਲਤ ''ਚ ਲਾਪਤਾ

Monday, Apr 06, 2026 - 05:13 PM (IST)

ਲੁਧਿਆਣਾ ''ਚ ਬੋਰਡ ਪ੍ਰੀਖਿਆ ਦੇਣ ਗਈ ਕੁੜੀ ਭੇਤਭਰੀ ਹਾਲਤ ''ਚ ਲਾਪਤਾ

ਲੁਧਿਆਣਾ (ਰਾਜ): ਲੁਧਿਆਣਾ ਦੇ ਮੁੱਹਲਾ ਇੰਦਰਾ ਕਾਲੋਨੀ ਇਲਾਕੇ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਬੋਰਡ ਦੀ ਪ੍ਰੀਖਿਆ ਦੇਣ ਗਈ ਇਕ 17 ਸਾਲਾ ਨਾਬਾਲਗ ਵਿਦਿਆਰਥਣ ਭੇਤਭਰੀ ਹਾਲਤ ਵਿਚ ਲਾਪਤਾ ਹੋ ਗਈ। ਪੀੜਤ ਪਿਤਾ ਨੇ ਆਪਣੀ ਧੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਉਸ ਨੂੰ ਬੰਧਕ ਬਣਾ ਕੇ ਰੱਖਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਥਾਣਾ ਟਿੱਬਾ ਦੀ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਣਪਛਾਤੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਅਨੁਸਾਰ, ਸ਼ਿਕਾਇਤਕਰਤਾ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਬੀਤੀ 1 ਅਪ੍ਰੈਲ ਨੂੰ ਆਪਣੀ 17 ਸਾਲਾ ਧੀ ਨੂੰ ਸਵੇਰੇ ਕਰੀਬ 10:30 ਵਜੇ ਪੇਪਰ ਦਿਵਾਉਣ ਲਈ ਗਲੀ ਨੰਬਰ-3 ਸਥਿਤ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਛੱਡ ਕੇ ਆਏ ਸਨ। ਪਿਤਾ ਨੂੰ ਉਮੀਦ ਸੀ ਕਿ ਬੇਟੀ ਪ੍ਰੀਖਿਆ ਦੇ ਕੇ ਸੁਰੱਖਿਅਤ ਘਰ ਪਰਤੇਗੀ, ਪਰ ਕੁਝ ਹੀ ਦੇਰ ਬਾਅਦ ਉਨ੍ਹਾਂ ਦੇ ਮੋਬਾਈਲ 'ਤੇ ਸਕੂਲ ਦੇ ਟੀਚਰ ਦਾ ਫੋਨ ਆਇਆ ਜਿਸ ਨੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਟੀਚਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅੱਜ ਪ੍ਰੀਖਿਆ ਦੇਣ ਲਈ ਸਕੂਲ ਦੇ ਅੰਦਰ ਪਹੁੰਚੀ ਹੀ ਨਹੀਂ ਹੈ। ਸੂਚਨਾ ਮਿਲਦੇ ਹੀ ਪਿਤਾ ਤੁਰੰਤ ਸਕੂਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਬੇਟੀ ਦੀ ਭਾਲ ਵਿਚ ਜੁੱਟ ਗਏ, ਪਰ ਕਾਫੀ ਲੱਭਣ ਤੋਂ ਬਾਅਦ ਵੀ ਉਸ ਦਾ ਕਿਤੇ ਕੋਈ ਸੁਰਾਗ ਨਹੀਂ ਲੱਗਿਆ। 

ਪੀੜਤ ਪਿਤਾ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਵਰਗਲਾ ਕੇ ਕਿਤੇ ਲੁਕੋ ਰੱਖਿਆ ਹੈ ਜਾਂ ਉਸ ਨੂੰ ਅਗਵਾ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਸਕੂਲ ਦੇ ਬਾਹਰ ਅਤੇ ਆਲੇ-ਦੁਆਲੇ ਦੇ ਰਸਤਿਆਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਵਿਦਿਆਰਥਣ ਦਾ ਪਤਾ ਲਗਾਇਆ ਜਾ ਸਕੇ।
 


author

Anmol Tagra

Content Editor

Related News