ਲੁਧਿਆਣਾ ਰੇਲਵੇ ਸਟੇਸ਼ਨ ਦੇ ਜੀਆਰਪੀ ਥਾਣੇ ਬਾਹਰ ਸ਼ਾਰਟ ਸਰਕਟ ਕਾਰਨ ਲੱਗੀ ਅੱਗ
Saturday, May 23, 2026 - 07:01 PM (IST)
ਲੁਧਿਆਣਾ (ਗੌਤਮ) : ਸ਼ਨੀਵਾਰ ਦੁਪਹਿਰ ਬਾਅਦ ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਵਾਲੇ ਗੇਟ ਕੋਲ ਸਥਿਤ ਜੀ.ਆਰ.ਪੀ. (GRP) ਥਾਣੇ ਦੇ ਬਾਹਰ ਧਰਤੀ ਹੇਠਾਂ ਵਿਛਾਈਆਂ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸ਼ਾਰਟ ਸਰਕਟ ਕਾਰਨ ਕਾਫੀ ਸਮੇਂ ਤੱਕ ਪਟਾਕੇ ਚੱਲਣ ਵਰਗੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਅਤੇ ਦੇਖਦੇ ਹੀ ਦੇਖਦੇ ਥਾਣੇ ਦੇ ਬਾਹਰ ਖੜ੍ਹੀਆਂ ਝਾੜੀਆਂ ਨੂੰ ਭਿਆਨਕ ਅੱਗ ਲੱਗ ਗਈ।
ਗਨੀਮਤ ਇਹ ਰਹੀ ਕਿ ਹਾਦਸੇ ਦੇ ਸਮੇਂ ਉੱਥੇ ਕੋਈ ਵੀ ਵਾਹਨ ਪਾਰਕ ਨਹੀਂ ਸੀ, ਜਦਕਿ ਆਮ ਤੌਰ 'ਤੇ ਪੁਲਸ ਸਟੇਸ਼ਨ ਦੇ ਬਾਹਰ ਕਾਰਾਂ ਅਤੇ ਹੋਰ ਗੱਡੀਆਂ ਖੜ੍ਹੀਆਂ ਹੁੰਦੀਆਂ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਕੋਲ ਹੀ ਖੜ੍ਹੇ ਸਨ ਜਦੋਂ ਅਚਾਨਕ ਜ਼ਮੀਨ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਅਤੇ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਲੋਕਾਂ ਨੇ ਤੁਰੰਤ ਭੱਜ-ਨੱਠ ਕਰਕੇ ਅੱਗ 'ਤੇ ਕਾਬੂ ਪਾਇਆ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਰੇਲਵੇ ਦੇ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਹੈ। ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਜਾਂ ਉੱਥੇ ਗੱਡੀਆਂ ਪਾਰਕ ਹੁੰਦੀਆਂ ਤਾਂ ਕੋਈ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਵੀ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਰੇਲਵੇ ਸਟੇਸ਼ਨ ਦਾ ਕੰਮਕਾਜ ਪ੍ਰਭਾਵਿਤ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
