ਗੁੱਸੇ ’ਚ ਭਰੇ ਵਿਦਿਆਰਥੀਆਂ ਨੇ ਮੈਨੇਜਮੈਂਟ ਸਣੇ ਖੁਦ ਨੂੰ ਬਣਾਇਆ ਬੰਦੀ
Sunday, Jul 22, 2018 - 08:14 AM (IST)

ਅਬੋਹਰ (ਸੁਨੀਲ) – ਅਬੋਹਰ-ਹਨੂਮਾਨਗਡ਼੍ਹ ਰੋਡ ’ਤੇ ਸੀਮਾ ਸੁਰੱਖਿਆ ਬਲ ਦੀ ਛਾਉਣੀ ਦੇ ਸਾਹਮਣੇ ਸਥਿਤ ਹੋਮਿਓਪੈਥਿਕ ਮੈਡੀਕਲ ਕਾਲਜ ਨੂੰ ਪਿਛਲੇ ਦਿਨੀਂ ਕਰਜ਼ਾ ਵਾਪਸ ਨਾ ਦੇਣ ਕਾਰਨ ਬੈਂਕ ਵੱਲੋਂ ਸੀਲ ਕੀਤੇ ਜਾਣ ਤੋਂ ਹਨੇਰਾਪਨ ਭਵਿੱਖ ਨੂੰ ਮੋਡ਼ ਤੋਂ ਉਜੱਵਲ ਬਣਾਉਣ ਲਈ ਸੰਘਰਸ਼ਰਤ ਕਰੀਬ 200 ਵਿਦਿਆਰਥੀਆਂ ਨੇ ਅੱਜ ਰੋਸ ਵਜੋਂ ਅਬੋਹਰ ਦੇ ਹੋਮਿਓਪੈਥਿਕ ਹਸਪਤਾਲ ਪੁੱਜੇ ਕਾਲਜ ਮੈਨੇਜਮੈਂਟ ਅਧਿਕਾਰੀਆਂ, ਸਟਾਫ ਅਤੇ ਆਪ ਨੂੰ ਕਰੀਬ 2 ਘੰਟਿਆਂ ਤੱਕ ਹਸਪਤਾਲ ’ਚ ਬੰਦ ਕਰ ਲਿਆ। ਵਿਦਿਆਰਥੀਆਂ ਨੇ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ, ਜਿਸ ਨੂੰ ਬਾਅਦ ’ਚ ਮੌਕੇ ’ਤੇ ਪੁੱਜੀ ਪੁਲਸ ਨੇ ਛੁਡਵਾਇਆ ਅਤੇ ਆਪਣੇ ਨਾਲ ਥਾਣੇ ਲੈ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਸਣੇ ਹੋਰ ਸਹੂਲਤਾਂ ਤੋਂ ਵਾਂਝੇ ਵਿਦਿਆਰਥੀਆਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਕਾਲਜ ਮੈਨੇਜਮੈਂਟ ਕਮੇਟੀ ਨੇ ਬੰਦ ਹੋਏ ਕਾਲਜ ਨੂੰ ਕਿਸੇ ਹੋਰ ਕਾਲਜ ’ਚ ਮਰਜ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਲਈ ਮੈਨੇਜਮੈਂਟ ਦੇ ਚੇਅਰਮੈਨ ਮਨਮੋਹਨ ਸਿੰਘ, ਸੀ. ਐੱਫ. ਓ. ਜਸਵਿੰਦਰ ਸਿੰਘ ਅਤੇ ਸਕੱਤਰ ਭੁਪੇਂਦਰ ਸਿੰਘ ਹੋਮਿਓਪੈਥਿਕ ਹਸਪਤਾਲ ਪੁੱਜੇ ਹਨ ਤਾਂ ਉਨ੍ਹਾਂ ਹਸਪਤਾਲ ਦਾ ਮੇਨ ਗੇਟ ਬੰਦ ਕਰ ਲਿਆ ਅਤੇ ਉਨ੍ਹਾਂ ਨੂੰ ਬੰਦ ਹੋਏ ਕਾਲਜ ਨੂੰ ਮੁਡ਼ ਤੋਂ ਖੁੱਲ੍ਹਵਾ ਕੇ ਉਨ੍ਹਾਂ ਦੀ ਪਡ਼ਾਈ ਅਤੇ ਰਹਿਣ ਦਾ ਇੰਤਜ਼ਾਮ ਕਰਨ ਦੀ ਮੰਗ ਕੀਤੀ। ਕਰੀਬ 2 ਘੰਟਿਆਂ ਤੱਕ ਬੰਦ ਕਮਰੇ ’ਚ ਬੈਠੇ ਅਧਿਕਾਰੀਆਂ ਦੇ ਬਾਰੇ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਕਾਲਜ ਦੇ ਤਾਲੇ ਖੁੱਲ੍ਹਵਾਏ ਅਤੇ ਅਧਿਕਾਰੀਆਂ ਨੂੰ ਆਪਣੇ ਨਾਲ ਲੈ ਗਏ। ਇਧਰ ਸਾਰੇ ਵਿਦਿਆਰਥੀ ਅਤੇ ਕਾਲਜ ਸਟਾਫ ਮੈਂਬਰ ਵੀ ਥਾਣੇ ’ਚ ਪੁੱਜੇ ਅਤੇ ਕਾਲਜ ਨੂੰ ਸੰਚਾਲਿਤ ਕਰਨ ਵਾਲੀ ਭਾਈ ਘਨ੍ਹੱਈਆ ਸੇਵਾ ਸੋਸਾਇਟੀ ਦੇ ਸੰਚਾਲਕਾਂ, ਕਾਲਜ ਪ੍ਰਬੰਧਕ ਕਮੇਟੀ ਅਤੇ ਬੈਂਕ ਅਧਿਕਾਰੀਆਂ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕਰਦੇ ਹੋਏ ਕਾਲਜ ਖੁੱਲ੍ਹਵਾਉਣ ਦੀ ਮੰਗ ਕੀਤੀ।
ਖਬਰ ਲਿਖੇ ਜਾਣ ਤੱਕ ਨਗਰ ਥਾਣਾ 1 ਅਤੇ 2 ਦੀ ਪੁਲਸ ਦੋਵਾਂ ਧਿਰਾਂ ਦੇ ਬਿਆਨ ਕਲਮਬੱਧ ਕਰ ਕੇ ਬਣਦੀ ਕਾਰਵਾਈ ਕਰ ਰਹੀ ਸੀ। ਧਿਆਨਯੋਗ ਹੈ ਕਿ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਸੀ, ਜੋ ਹੁਣ ਤੱਕ ਸਾਰਥਕ ਹੁੰਦਾ ਨਜ਼ਰ ਨਹੀਂ ਆ ਰਹੀ। ਜ਼ਿਕਰਯੋਗ ਹੈ ਕਿ ਕਾਲਜ ਬੰਦ ਹੋਣ ਤੋਂ ਬਾਅਦ ਕਾਲਜ ਦੇ ਜ਼ਿਆਦਾਤਰ ਵਿਦਿਆਰਥੀ ਦੂਰ-ਦੁਰਾਡੇ ਦੇ ਪੀ.ਜੀ., ਹੋਟਲਾਂ ਅਤੇ ਧਰਮਸ਼ਾਲਾਵਾਂ ’ਚ ਰਹਿ ਕੇ ਕਾਲਜ ਦੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ।