11ਵੀਂ ਦੇ ਵਿਦਿਆਰਥੀ ਦੇ ਅਗਵਾ ਦਾ ਪਾਇਆ ਰੌਲਾ, ਪੁਲਸ ਨੇ 1 ਘੰਟੇ ਅੰਦਰ ਹੋਟਲ ''ਚੋਂ ਫੜਿਆ
Thursday, Sep 20, 2018 - 11:06 AM (IST)

ਜਲੰਧਰ (ਵਰੁਣ)— ਬੁੱਧਵਾਰ ਸ਼ਾਮ ਕਰੀਬ 6 ਵਜੇ ਗਰੀਨ ਐਵੇਨਿਊ 'ਚ ਰਹਿਣ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਦੇ ਅਗਵਾ ਨਾਲ ਹੜਕੰਪ ਮਚ ਗਿਆ। ਪੁਲਸ ਸ਼ੁਰੂ ਤੋਂ ਹੀ ਮਾਮਲਾ ਗੰਭੀਰ ਦੱਸ ਰਹੀ ਹੈ। ਜਿਸ ਤਰ੍ਹਾਂ ਹੀ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਕਰੀਬ 5 ਘੰਟਿਆਂ ਦੇ ਅੰਦਰ ਗੰਭੀਰ ਹਾਲਤ 'ਚ ਅਗਵਾ ਹੋਏ ਵਿਦਿਆਰਥੀ ਨੂੰ ਹੋਟਲ ਇੰਦਰਪ੍ਰਸਥ ਦੇ ਕਮਰੇ ਤੋਂ ਸਹੀ ਸਲਾਮਤ ਬਰਾਮਦ ਕਰ ਲਿਆ ਜੋ ਆਪਣੇ ਦੋਸਤਾਂ ਨਾਲ ਉਥੇ ਰਾਤ ਗੁਜ਼ਾਰਨ ਲਈ ਰੁਕਣ ਲੱਗਾ ਸੀ। ਪੁਲਸ ਦੇਰ ਰਾਤ ਨੌਜਵਾਨ ਦੀ ਮਾਂ 'ਤੇ ਝੂਠੀ ਸੂਚਨਾ ਦੇਣ 'ਤੇ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ।
ਗਰੀਨ ਐਵੇਨਿਊ ਦੇ ਰਹਿਣ ਵਾਲੇ ਸਿਧਾਰਥ ਸਚਦੇਵਾ ਪੁੱਤਰ ਸੁਰਿੰਦਰ ਸਚਦੇਵਾ ਦਾ ਕਹਿਣਾ ਸੀ ਕਿ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸ ਦਾ ਛੋਟਾ ਭਰਾ ਸੁਦਰਸ਼ਨ 11ਵੀਂ ਕਲਾਸ 'ਚ ਪੜ੍ਹਦਾ ਹੈ। ਸੋਮਵਾਰ ਨੂੰ ਕੱਚਾ ਕੋਟ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਉਸ ਦੀ ਐਕਟਿਵਾ ਦੇ ਪਿੱਛੇ ਗੱਡੀ ਲਗਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਹੀ ਨੌਜਵਾਨਾਂ ਨੇ ਸਿਧਾਰਥ ਅਤੇ ਉਸ ਦੇ ਭਰਾ ਸੁਦਰਸ਼ਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੋਈ ਸੀ। ਦੋਸ਼ ਹੈ ਕਿ ਬੁੱਧਵਾਰ ਸਵੇਰ ਤੋਂ ਉਸ ਦਾ ਭਰਾ ਗਾਇਬ ਸੀ।ਮਾਂ ਮੋਨਿਕਾ ਸਚਦੇਵਾ ਨੇ ਦੱਸਿਆ ਕਿ ਉਸ ਦਾ ਪੁੱਤਰ ਸੁਦਰਸ਼ਨ ਬੁੱਧਵਾਰ ਨੂੰ ਬਰਗਰ ਲੈਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਸ਼ਾਮ ਨੂੰ ਕਰੀਬ 7 ਵਜੇ ਸੁਦਰਸ਼ਨ ਨੇ ਆਪਣੇ ਦੋਸਤ ਨੂੰ ਫੋਨ ਕਰਕੇ ਇਹੀ ਲੋਕਾਂ ਵੱਲੋਂ ਅਗਵਾ ਕਰਨ ਦੀ ਗੱਲ ਕਹੀ ਅਤੇ ਬਾਅਦ 'ਚ ਫੋਨ ਬੰਦ ਹੋ ਗਿਆ।
ਸਿਧਾਰਥ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦੇ ਦਿੱਤੀ ਪਰ ਭਰਾ ਦਾ ਅਜੇ ਵੀ ਕੁਝ ਪਤਾ ਨਹੀਂ ਲੱਗ ਸਕਿਆ। ਸਿਧਾਰਥ ਨੇ ਕਿਹਾ ਕਿ ਪੁਲਸ ਵੀ ਦੂਜੇ ਪੱਖ ਦਾ ਸਾਥ ਦੇ ਰਹੀ ਹੈ। ਅਗਵਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਭਾਰਗੋ ਕੈਂਪ ਦੇ ਮੁਖੀ ਬਰਜਿੰਦਰ ਸਿੰਘ ਨੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਜਾਂਚ ਦੀ ਸ਼ੁਰੂਆਤ 'ਚ ਦਾਅਵਾ ਕਰ ਦਿੱਤਾ ਸੀ ਕਿ ਮਾਮਲਾ ਗੰਭੀਰ ਹੈ ਕਿਉਂਕਿ ਉਸ ਵੇਲੇ ਸੁਦਰਸ਼ਨ ਦੀ ਮਾਂ ਜਾਂ ਭਰਾ ਲਿਖਤੀ ਸ਼ਿਕਾਇਤ ਨਹੀਂ ਦੇ ਰਹੇ ਸਨ। ਪੁਲਸ ਨੇ ਆਪਣੇ ਲੈਵਲ 'ਤੇ ਜਾਂਚ ਸ਼ੁਰੂ ਕੀਤੀ। ਸੂਚਨਾ ਮਿਲੀ ਕਿ ਸੁਦਰਸ਼ਨ ਇੰਦਰਪ੍ਰਸਥ ਹੋਟਲ 'ਚ ਰੁਕਿਆ ਹੋਇਆ ਹੈ। ਦੇਰ ਰਾਤ ਕਰੀਬ ਪੌਣੇ 12 ਵਜੇ ਪੁਲਸ ਨੇ ਹੋਟਲ ਇੰਦਰਪ੍ਰਸਤ ਦੇ ਕਮਰੇ 'ਚ ਰੇਡ ਕਰਕੇ ਵਿਦਿਆਰਥੀ ਸੁਦਰਸ਼ਨ ਨੂੰ ਬਰਾਮਦ ਕਰ ਲਿਆ। ਸੁਦਰਸ਼ਨ ਆਪਣੇ ਦੋਸਤਾਂ ਨਾਲ ਰੁਕਣ ਲਈ ਉਥੇ ਆਇਆ ਸੀ। ਇੰਸ. ਬਰਜਿੰਦਰ ਸਿੰਘ ਨੇ ਕਿਹਾ ਕਿ ਅਗਵਾ ਦੀ ਸੂਚਨਾ ਗਲਤ ਸੀ। ਮਾਂ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਣੀ ਰੰਜਿਸ਼ ਤਹਿਤ ਸੁਦਰਸ਼ਨ ਦੇ ਘਰ ਵਾਲੇ ਦੂਜੀ ਧਿਰ ਨੂੰ ਫਸਾਉਣਾ ਚਾਹੁੰਦੇ ਸੀ।