''ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ''! 11ਵੀਂ ਜਮਾਤ ਦਾ ਮੁੰਡਾ ਚੁੱਕੀ ਫਿਰਦਾ ਸੀ ਪਿਸਤੌਲ, ਜਵਾਬ ਸੁਣ ਪੁਲਸ ਦੇ ਉੱਡੇ ਹੋਸ਼
Friday, Sep 26, 2025 - 07:17 PM (IST)

ਲੁਧਿਆਣਾ : ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ 'ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਪੁਲਸ ਨੇ ਇੱਕ ਪ੍ਰਾਈਵੇਟ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਨਾਬਾਲਗ ਵਿਦਿਆਰਥੀ ਨੇ ਇਹ ਪਿਸਤੌਲ ਸਿਰਫ਼ ਆਪਣੇ "ਸ਼ੌਕ" ਨੂੰ ਪੂਰਾ ਕਰਨ ਲਈ ਖਰੀਦਿਆ ਸੀ ਅਤੇ ਉਹ ਇਸ ਨੂੰ ਆਪਣੇ ਨਾਲ ਸਕੂਲ ਵੀ ਲੈ ਕੇ ਜਾਂਦਾ ਸੀ। ਪੁਲਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ 32 ਬੋਰ ਦਾ ਪਿਸਤੌਲ, ਦੋ ਜ਼ਿੰਦਾ ਕਾਰਤੂਸ ਅਤੇ ਘਰੋਂ ਚੋਰੀ ਕੀਤੇ 50,000 ਰੁਪਏ ਵੀ ਬਰਾਮਦ ਕੀਤੇ ਹਨ।
ਜਾਣਕਾਰੀ ਅਨੁਸਾਰ, ਕਿਚਲੂ ਨਗਰ ਚੌਕੀ ਦੀ ਪੁਲਸ ਨੇ ਇਲਾਕੇ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਸਕੂਲੀ ਵਿਦਿਆਰਥੀ ਕੋਲ ਪਿਸਤੌਲ ਹੈ ਅਤੇ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਵਿਦਿਆਰਥੀ ਨੂੰ ਘੇਰ ਕੇ ਹਿਰਾਸਤ 'ਚ ਲੈ ਲਿਆ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਨਾਬਾਲਗ ਵਿਦਿਆਰਥੀ ਨੇ ਜੋ ਖੁਲਾਸਾ ਕੀਤਾ, ਉਸ ਨੂੰ ਸੁਣ ਕੇ ਪੁਲਸ ਅਧਿਕਾਰੀ ਵੀ ਹੈਰਾਨ ਰਹਿ ਗਏ।
ਵਿਦਿਆਰਥੀ ਨੇ ਦੱਸਿਆ ਕਿ ਉਸ ਨੂੰ ਹਥਿਆਰ ਰੱਖਣ ਦਾ ਬਹੁਤ ਸ਼ੌਕ ਹੈ, ਜਿਸ ਕਰਕੇ ਉਸਨੇ ਪੈਸੇ ਇਕੱਠੇ ਕਰਕੇ ਲੁਧਿਆਣਾ ਦੇ ਹੀ ਇੱਕ ਤਸਕਰ ਤੋਂ 14,000 ਰੁਪਏ ਵਿੱਚ ਇਹ ਪਿਸਤੌਲ ਖਰੀਦਿਆ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਉਸ ਨੇ ਪਿਸਤੌਲ ਖਰੀਦਣ ਅਤੇ ਹੋਰ ਖਰਚਿਆਂ ਲਈ ਆਪਣੇ ਘਰੋਂ 50,000 ਰੁਪਏ ਚੋਰੀ ਕੀਤੇ ਸਨ, ਜਿਸ ਬਾਰੇ ਉਸਦੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਸੀ।
ਪੁਲਸ ਨੇ ਨਾਬਾਲਗ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਪੁਲਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵਿਦਿਆਰਥੀ ਨੇ ਇਹ ਹਥਿਆਰ ਕਿਸ ਵਿਅਕਤੀ ਤੋਂ ਖਰੀਦਿਆ ਸੀ।