ਲੋਕ ਸਭਾ ਚੋਣਾਂ ਸਿਰ 'ਤੇ, ਨਾੜ ਸਾੜਨ ਵਾਲਿਆਂ 'ਤੇ ਨਹੀਂ ਕੋਈ ਧਿਆਨ
Friday, May 10, 2019 - 04:14 PM (IST)

ਚੰਡੀਗੜ੍ਹ : ਭਾਵੇਂ ਹੀ ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਵਲੋਂ ਕਣਕ ਦੀ ਨਾੜ ਸਾੜਨ 'ਤੇ ਰੋਕ ਲਾਈ ਗਈ ਹੈ ਅਤੇ ਸੁਪਰੀਮ ਕੋਰਟ ਵਲੋਂ ਇਨ੍ਹਾਂ ਹੁਕਮਾਂ ਦੀ ਸਖਤ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨਾਂ ਵਲੋਂ ਨਾੜ ਸਾੜੀ ਜਾ ਰਹੀ ਹੈ। ਸਭ ਤੋਂ ਵੱਧ ਮਾਲਵਾ ਖੇਤਰ ਦੇ ਕਿਸਾਨਾਂ ਵਲੋਂ ਕਣਕ ਦੀ ਨਾੜ ਨੂੰ ਅੱਗ ਲਾਈ ਜਾ ਰਹੀ ਹੈ, ਜਿਸ ਕਾਰਨ ਹਵਾ 'ਚ ਪ੍ਰਦੂਸ਼ਣ ਫੈਲ ਰਿਹਾ ਹੈ। ਪੰਜਾਬ 'ਚ ਲੋਕ ਸਭਾ ਚੋਣਾਂ ਸਿਰ 'ਤੇ ਹਨ ਅਤੇ ਚੋਣ ਪ੍ਰਚਾਰ ਪੂਰੀ ਤਰ੍ਹਾਂ ਮਘਿਆ ਹੋਇਆ ਹੈ ਪਰ ਨਾੜ ਸਾੜਨ ਦੇ ਮਾਮਲੇ 'ਚ ਖੇਤੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅੱਖਾਂ ਬੰਦ ਕਰੀ ਬੈਠਾ ਹੈ।
'ਪੰਜਾਬ ਸਟੇਟ ਰਿਮੋਟ ਸੈਂਸਿੰਗ ਵਿਭਾਗ' ਵਲੋਂ ਦਿੱਤੇ ਗਏ ਆਂਕੜਿਆਂ ਮੁਤਾਬਕ ਮਾਲਵਾ ਇਲਾਕੇ 'ਚ ਨਾੜ ਸਾੜਨ ਦੇ 150 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ ਚਾਲੂ ਹਫਤੇ ਦੇ ਹੀ ਹਨ ਅਤੇ ਅਜੇ ਤੱਕ ਨਾੜ ਸਾੜਨ ਵਾਲੇ ਕਿਸਾਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਬਾਰੇ ਗੱਲ ਕਰਨ 'ਤੇ ਖੇਤੀਬਾੜੀ ਡਾਇਰੈਕਟਰ ਸੁਤੰਤਰ ਕੁਮਾਰ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਨਾੜ ਨਾ ਸਾੜਨ ਬਾਰੇ ਜਾਗਰੂਕ ਰਹੇ ਹਾਂ ਪਰ ਇਸ ਦੇ ਬਾਵਜੂਦ ਵੀ ਕਈ ਕਿਸਾਨ ਇਸ ਦੀ ਪਰਵਾਹ ਨਾ ਕਰਦੇ ਹੋਏ ਨਾੜ ਸਾੜਨ 'ਚ ਲੱਗੇ ਹੋਏ ਹਨ।