ਪੰਜਾਬ ''ਚ ਜਨਮ ਅਸ਼ਟਮੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ, ਪੁਲਸ ਨੇ ਵਧਾਈ ਗਸ਼ਤ
Sunday, Aug 25, 2024 - 01:48 AM (IST)
ਜੈਤੋ (ਰਘੂਨੰਦਨ ਪਰਾਸ਼ਰ) : ਪੰਜਾਬ ਸਰਕਾਰ ਨੇ ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਦੇ ਮੱਦੇਨਜ਼ਰ ਸੂਬੇ ਭਰ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ ਤਾਂ ਜੋ ਇਸ ਮੌਕੇ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਸੂਤਰਾਂ ਅਨੁਸਾਰ ਸੂਬੇ ਭਰ 'ਚ ਪੁਲਸ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ ਅਤੇ ਹਰ ਆਮ ਆਦਮੀ ਅਤੇ ਖਾਸ ਵਿਅਕਤੀ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਸੂਬੇ ਨਾਲ ਲੱਗਦੀਆਂ ਸਰਹੱਦਾਂ 'ਤੇ ਵੀ ਚੈਕਿੰਗ ਵਧਾ ਦਿੱਤੀ ਗਈ ਹੈ। ਸਾਰੇ ਮੰਦਰਾਂ ਸਮੇਤ ਸੂਬੇ 'ਚ ਜਿੱਥੇ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਉਤਸਵ ਮਨਾਇਆ ਜਾ ਰਿਹਾ ਹੈ, ਉੱਥੇ ਪੁਲਸ ਬਲ ਤਾਇਨਾਤ ਕੀਤੇ ਜਾ ਰਹੇ ਹਨ।
ਦੂਜੇ ਪਾਸੇ ਰੇਲਵੇ ਪੁਲਸ ਵਿਭਾਗ ਨੇ ਵੀ ਅਹਿਮ ਰੇਲਵੇ ਸਟੇਸ਼ਨਾਂ ’ਤੇ ਪੁਲਸ ਟੀਮਾਂ ਦੀ ਗਸ਼ਤ ਵਧਾ ਦਿੱਤੀ ਹੈ ਅਤੇ ਰੇਲਵੇ ਪੁਲਸ ਬਲ ਵੀ ਗੱਡੀਆਂ ਦੀ ਚੈਕਿੰਗ ਕਰ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਪੁਲਸ ਵੱਲੋਂ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ 26 ਅਗਸਤ ਨੂੰ ਪੰਜਾਬ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਇਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।