ਸ਼੍ਰੀ ਰਾਮ ਚੌਂਕ ਤੋਂ ਭਗਵਾਨ ਵਾਲਮੀਕਿ ਚੌਂਕ ਰੋਡ ’ਤੇ ਦੁਕਾਨਦਾਰਾਂ ਖ਼ਿਲਾਫ਼ ਪੁਲਸ ਨੇ ਲਿਆ ਸਖ਼ਤ ਐਕਸ਼ਨ
Saturday, Aug 03, 2024 - 10:42 AM (IST)
ਜਲੰਧਰ (ਜ. ਬ.)–ਸ਼ੁੱਕਰਵਾਰ ਨੂੰ ਟ੍ਰੈਫਿਕ ਪੁਲਸ ਅਤੇ ਈ. ਆਰ. ਐੱਸ. ਦੀਆਂ ਟੀਮਾਂ ਨੇ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਂਕ ਤਕ ਦੀ ਰੋਡ ’ਤੇ ਸਖ਼ਤ ਐਕਸ਼ਨ ਲਿਆ। ਪੁਲਸ ਨੇ ਸੜਕਾਂ ਅਤੇ ਫੁੱਟਪਾਥਾਂ ਤੋਂ ਕਬਜ਼ੇ ਤਾਂ ਹਟਵਾਏ ਹੀ, ਇਸ ਦੇ ਨਾਲ-ਨਾਲ 10 ਦੁਕਾਨਦਾਰਾਂ ਨੂੰ ਨੋਟਿਸ ਵੀ ਫੜਾਏ ਅਤੇ ਦੋਬਾਰਾ ਕਬਜ਼ੇ ਕਰਨ ’ਤੇ ਐੱਫ਼. ਆਈ. ਆਰ. ਦਰਜ ਕਰਨ ਦੀ ਚਿਤਾਵਨੀ ਦਿੱਤੀ।
ਏ. ਸੀ. ਪੀ. ਟ੍ਰੈਫਿਕ ਆਤਿਸ਼ ਭਾਟੀਆ ਨੇ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਅਤੇ ਗਲਤ ਢੰਗ ਨਾਲ ਪਾਰਕਿੰਗ ਕਾਰਨ ਉਕਤ ਰੋਡ ’ਤੇ ਟ੍ਰੈਫਿਕ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨੀ ਆ ਰਹੀ ਸੀ। ਦੁਪਹਿਰ ਦੇ ਸਮੇਂ ਪੁਲਸ ਦੀਆਂ ਗੱਡੀਆਂ ਸ਼੍ਰੀ ਰਾਮ ਚੌਂਕ ਪੁੱਜੀਆਂ, ਜਿਨ੍ਹਾਂ ਦੇ ਨਾਲ 2 ਟੋਅ ਵੈਨਜ਼ ਵੀ ਸਨ। ਪੁਲਸ ਨੇ ਜਿਹੜੀਆਂ ਗੱਡੀਆਂ ਯੈਲੋ ਲਾਈਨ ਦੇ ਬਾਹਰ ਖੜ੍ਹੀਆਂ ਮਿਲੀਆਂ, ਉਨ੍ਹਾਂ ਨੂੰ ਟੋਅ ਕੀਤਾ। ਜਿਹੜੇ-ਜਿਹੜੇ ਦੁਕਾਨਦਾਰਾਂ ਨੇ ਫੁੱਟਪਾਥ ਅਤੇ ਸੜਕਾਂ ’ਤੇ ਆਪਣਾ ਸਾਮਾਨ, ਸਾਈਨ ਬੋਰਡ ਆਦਿ ਰੱਖੇ ਹੋਏ ਸਨ, ਉਨ੍ਹਾਂ ਨੂੰ ਉਥੋਂ ਹਟਵਾਇਆ ਅਤੇ ਕੁਝ ਸਾਈਨ ਬੋਰਡ ਕਬਜ਼ੇ ਵਿਚ ਲੈ ਲਏ।
ਇਹ ਵੀ ਪੜ੍ਹੋ- ਟ੍ਰੈਫਿਕ ਨਾਲ ਨਜਿੱਠਣ ਲਈ ਨਵੀਂ ਪਹਿਲ, ਹੁਣ ਮਾਲ, ਦਫ਼ਤਰ ਤੇ ਅਦਾਰੇ ਖੋਲ੍ਹਣ ਲਈ ਪੁਲਸ ਤੋਂ ਲੈਣੀ ਪਵੇਗੀ NOC
ਇਸ ਦੇ ਨਾਲ-ਨਾਲ ਇਕ ਜਿਊਲਰ ਨੇ ਆਪਣੀ ਦੁਕਾਨ ਦੇ ਆਲੇ-ਦੁਆਲੇ ਟ੍ਰੈਫਿਕ ਕੋਨ ਲਾਏ ਹੋਏ ਸਨ, ਜਿਨ੍ਹਾਂ ਨੂੰ ਪੁਲਸ ਨੇ ਉਥੋਂ ਹਟਵਾਇਆ ਅਤੇ ਅਜਿਹੀ ਗਲਤੀ ਦੋਬਾਰਾ ਨਾ ਕਰਨ ਨੂੰ ਕਿਹਾ। ਇਕ ਬੈਂਕ ਨੇ ਬੈਰੀਕੇਡਜ਼ ਦੇ ਨਾਲ ਸੜਕ ਕਵਰ ਕੀਤੀ ਹੋਈ ਸੀ। ਪੁਲਸ ਨੇ ਬੈਰੀਕੇਡਜ਼ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ। ਏ. ਸੀ. ਪੀ. ਆਤਿਸ਼ ਭਾਟੀਆ ਨੇ ਕਿਹਾ ਕਿ ਭਗਵਾਨ ਵਾਲਮੀਕਿ ਚੌਂਕ ਤਕ ਸੜਕਾਂ ਅਤੇ ਫੁੱਟਪਾਥਾਂ ’ਤੇ ਜੋ-ਜੋ ਰੇਹੜੀ-ਫੜ੍ਹੀ ਆਦਿ ਲੱਗੀਆਂ ਹੋਈਆਂ ਸਨ, ਉਨ੍ਹਾਂ ਨੂੰ ਉਥੋਂ ਹਟਵਾ ਦਿੱਤਾ ਗਿਆ। ਜਿਹੜੇ ਦੁਕਾਨਦਾਰਾਂ ਨੇ ਕਬਜ਼ੇ ਕੀਤੇ ਹੋਏ ਸਨ, ਉਨ੍ਹਾਂ 10 ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਹਨ ਅਤੇ ਦੋਬਾਰਾ ਅਜਿਹਾ ਕਰਨ ’ਤੇ ਐੱਫ਼. ਆਈ. ਆਰ. ਦਰਜ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ- ਨਸ਼ੇ ਨੇ ਉਜਾੜਿਆ ਪਰਿਵਾਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।