ਹੁਣ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਦੀ ਖੇਰ ਨਹੀਂ!, ਵਰਤੀ ਜਾਵੇਗੀ ਸਖ਼ਤੀ
Thursday, Mar 13, 2025 - 01:20 PM (IST)

ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਨੇ ਕੇਂਦਰ ਦੇ ਨਿਰਦੇਸ਼ਾਂ ’ਤੇ 2016 ਵਿਚ ਪਲਾਸਟਿਕ ’ਤੇ ਪਾਬੰਦੀ ਲਾਗੂ ਕਰ ਦਿੱਤੀ ਸੀ। ਪਿਛਲੇ 8-9 ਸਾਲਾਂ ਵਿਚ ਜਲੰਧਰ ਨਗਰ ਨਿਗਮ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਹੀ ਨਹੀਂ ਕਰ ਸਕਿਆ, ਜਿਸ ਕਾਰਨ ਅੱਜ ਪਲਾਸਟਿਕ ਇਸ ਸਮੇਂ ਸ਼ਹਿਰ ਦੀ ਪ੍ਰਮੁੱਖ ਸਮੱਸਿਆ ਬਣਿਆ ਹੋਇਆ ਹੈ। ਪਿਛਲੇ ਸਮੇਂ ਦੌਰਾਨ ਜਲੰਧਰ ਨਿਗਮ ਨੇ ਪਲਾਸਟਿਕ ’ਤੇ ਪਾਬੰਦੀ ਨੂੰ ਲਾਗੂ ਕਰਨ ਲਈ ਕਈ ਮੁਹਿੰਮਾਂ ਚਲਾਈਆਂ ਪਰ ਕੋਈ ਵੀ ਮੁਹਿੰਮ ਜ਼ਿਆਦਾ ਲੰਮੇ ਸਮੇਂ ਤਕ ਨਹੀਂ ਚੱਲ ਸਕੀ। ਹੁਣ ਕਮਿਸ਼ਨਰ ਗੌਤਮ ਜੈਨ ਅਤੇ ਮੇਅਰ ਵਿਨੀਤ ਧੀਰ ਦੇ ਨਿਰਦੇਸ਼ਾਂ ’ਤੇ ਨਿਗਮ ਦੇ ਅਧਿਕਾਰੀਆਂ ਨੇ ਇਹ ਮੁਹਿੰਮ ਦੋਬਾਰਾ ਸ਼ੁਰੂ ਕੀਤੀ ਹੈ।
ਇਸ ਦੇ ਪਹਿਲੇ ਹੀ ਦਿਨ ਨਿਗਮ ਟੀਮ ਨੂੰ ਭਾਰੀ ਕਾਮਯਾਬੀ ਮਿਲੀ ਅਤੇ ਮਕਸੂਦਾਂ ਸਬਜ਼ੀ ਮੰਡੀ ਕੰਪਲੈਕਸ ਦੇ ਨੇੜੇ ਗੋਦਾਮ ਅਤੇ ਫੈਕਟਰੀ ਵਿਚੋਂ 500 ਕਿਲੋ ਪਾਬੰਦੀਸ਼ੁਦਾ ਲਿਫ਼ਾਫ਼ੇ ਜ਼ਬਤ ਕੀਤੇ ਗਏ। ਇਸ ਮੁਹਿੰਮ ਦੀ ਅਗਵਾਈ ਸੁਪਰਿੰਟੈਂਡੈਂਟ ਮਨਦੀਪ ਸਿੰਘ ਮਿੱਠੂ ਨੇ ਕੀਤੀ। ਉਨ੍ਹਾਂ ਕਿਹਾ ਕਿ ਹੁਣ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਨੂੰ ਕਿਸੇ ਵੀ ਹਾਲ ’ਚ ਬਖ਼ਸ਼ਿਆ ਨਹੀਂ ਜਾਵੇਗਾ। ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਜਾਰੀ ਰਹੇਗੀ।
ਇਹ ਵੀ ਪੜ੍ਹੋ : Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਹੋਈਆਂ ਬਦਲੀਆਂ ਤੇ ਤਾਇਨਾਤੀਆਂ
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਰਿਹਾਇਸ਼ੀ ਇਲਾਕੇ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ, ਪਈਆਂ ਭਾਜੜਾਂ
ਸ਼ਰੇਆਮ ਬਣ ਰਹੇ, ਵਿਕ ਰਹੇ ਅਤੇ ਵਰਤੇ ਜਾ ਰਹੇ ਲਿਫ਼ਾਫ਼ੇ
ਕੇਂਦਰ ਅਤੇ ਸੂਬਾ ਸਰਕਾਰ ਨੇ ਭਾਵੇਂ ਪਲਾਸਟਿਕ ਦੇ ਲਿਫ਼ਾਫ਼ਿਆਂ ’ਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਜਲੰਧਰ ਵਰਗੇ ਵੱਡੇ ਸ਼ਹਿਰਾਂ ਵਿਚ ਪਲਾਸਟਿਕ ਦੇ ਲਿਫਾਫੇ ਬਣਾਏ ਵੀ ਜਾ ਰਹੇ ਹਨ, ਵੇਚੇ ਵੀ ਜਾ ਰਹੇ ਹਨ ਅਤੇ ਵਰਤੋਂ ਵਿਚ ਵੀ ਲਿਆਂਦੇ ਜਾ ਰਹੇ ਹਨ। ਸ਼ਹਿਰ ਵਿਚ ਜੇਕਰ 50 ਹਜ਼ਾਰ ਤੋਂ ਜ਼ਿਆਦਾ ਦੁਕਾਨਦਾਰ ਹਨ ਤਾਂ ਉਨ੍ਹਾਂ ਵਿਚੋਂ 45 ਹਜ਼ਾਰ ਦੁਕਾਨਦਾਰ ਪਲਾਸਟਿਕ ਦੇ ਲਿਫ਼ਾਫ਼ੇ ਦੀ ਧੜੱਲੇ ਨਾਲ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਥਰਮੋਕੋਲ ਦੇ ਡਿਸਪੋਜ਼ੇਬਲ, ਪਲਾਸਟਿਕ ਦੀ ਪੈਕਿੰਗ ਦਾ ਸਾਮਾਨ ਅਤੇ ਕਟਲਰੀ ਆਦਿ ਵੀ ਸ਼ਰੇਆਮ ਵੇਚੀ ਜਾ ਰਹੀ ਹੈ। ਨਿਗਮ ਨੇ ਇਨ੍ਹਾਂ ਸਾਰੇ ਵਪਾਰੀਆਂ ਨੂੰ ਖੁੱਲ੍ਹੀ ਛੋਟ ਦਿੱਤੀ ਹੋਈ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਨਿਗਮ ਦੀ ਮੁਹਿੰਮ ਕਿੰਨੇ ਸਮੇਂ ਤਕ ਚੱਲਦੀ ਹੈ।
ਦਿੱਲੀ ਅਤੇ ਹੋਰ ਸ਼ਹਿਰਾਂ ਤੋਂ ਸ਼ਰੇਆਮ ਆ ਰਿਹੈ ਪਾਬੰਦੀਸ਼ੁਦਾ ਪਲਾਸਟਿਕ, ਕੋਈ ਰੋਕ-ਟੋਕ ਨਹੀਂ
ਕੇਂਦਰ ਅਤੇ ਸੂਬਾ ਸਰਕਾਰ ਦੇ ਵਿਭਾਗਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਆਦਿ ਤੋਂ ਕਈ ਪ੍ਰਵਾਨਗੀਆਂ ਲੈ ਕੇ ਬਾਇਓਡਿਗ੍ਰੇਡੇਬਲ ਲਿਫ਼ਾਫ਼ੇ ਬਣਾਉਣ ਵਾਲੇ ਯੂਨਿਟਾਂ ਦੇ ਸੰਚਾਲਕਾਂ ਨੂੰ ਆਸ ਸੀ ਕਿ ਪਲਾਸਟਿਕ ਦੇ ਲਿਫ਼ਾਫ਼ਿਆਂ ’ਤੇ ਪਾਬੰਦੀ ਤੋਂ ਬਾਅਦ ਉਨ੍ਹਾਂ ਦਾ ਕਾਰੋਬਾਰ ਚਮਕੇਗਾ ਪਰ ਅਜਿਹਾ ਹੋ ਨਹੀਂ ਸਕਿਆ ਕਿਉਂਕਿ ਜਲੰਧਰ ਨਿਗਮ ਵਰਗੇ ਸਰਕਾਰੀ ਵਿਭਾਗਾਂ ਨੇ ਇਸ ਮਾਮਲੇ ਵਿਚ ਬਿਲਕੁਲ ਹੀ ਸਖ਼ਤੀ ਨਹੀਂ ਕੀਤੀ। ਹੁਣ ਸਿਰਫ਼ ਕੁਝ ਦੁਕਾਨਾਂ ’ਤੇ ਹੀ ਬਾਇਓਡਿਗ੍ਰੇਡੇਬਲ ਲਿਫ਼ਾਫ਼ੇ ਵਰਤੋਂ ਵਿਚ ਲਿਆਂਦੇ ਜਾ ਰਹੇ ਹਨ। ਨਗਰ ਨਿਗਮ ਅਤੇ ਪ੍ਰਦੂਸ਼ਣ ਵਿਭਾਗ ਪਲਾਸਟਿਕ ਵਿਰੁੱਧ ਕਈ ਜਾਗਰੂਕਤਾ ਮੁਹਿੰਮਾਂ ਚਲਾ ਚੁੱਕਾ ਹੈ ਪਰ ਸਭ ਕਾਗਜ਼ਾਂ ਵਿਚ ਹੀ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਵਕਫ਼ ਬੋਰਡ ਨੂੰ 3 ਸਾਲ ਬਾਅਦ ਮਿਲਿਆ ਚੇਅਰਮੈਨ, ਮੁਹੰਮਦ ਓਵੈਸ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਅੱਜ ਵੀ ਮਕਸੂਦਾਂ ਸਬਜ਼ੀ ਮੰਡੀ, ਪੁਰਾਣੀ ਸਬਜ਼ੀ ਮੰਡੀ, ਗੁੜ ਮੰਡੀ, ਅਟਾਰੀ ਬਾਜ਼ਾਰ, ਸ਼ੇਖਾਂ ਬਾਜ਼ਾਰ, ਰੈਣਕ ਬਾਜ਼ਾਰ ਵਰਗੇ ਖੇਤਰਾਂ ਵਿਚ ਹਜ਼ਾਰਾਂ ਦੁਕਾਨਦਾਰ ਖੁੱਲ੍ਹ ਕੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਖੇਤਰਾਂ ਵਿਚ ਅਜਿਹੇ ਗੋਦਾਮ ਵੀ ਹਨ, ਜਿੱਥੇ ਟਨਾਂ ਦੇ ਹਿਸਾਬ ਨਾਲ ਪਾਬੰਦੀਸ਼ੁਦਾ ਪਲਾਸਟਿਕ ਜਮ੍ਹਾ ਹੈ। ਅਜਿਹੇ ਪਾਬੰਦੀਸ਼ੁਦਾ ਲਿਫਾਫੇ ਆਦਿ ਸ਼ਰੇਆਮ ਦਿੱਲੀ ਅਤੇ ਹੋਰ ਸ਼ਹਿਰਾਂ ਵਿਚੋਂ ਵੀ ਆ ਰਹੇ ਹਨ, ਜਿਨ੍ਹਾਂ ’ਤੇ ਰੋਕ-ਟੋਕ ਨਹੀਂ ਹੈ। ਨਿਗਮ ਨੇ ਹੁਣ ਤਕ ਕਾਰਨ ਸਟਾਰਚ ਤੋਂ ਬਣੇ ਕੈਰੀਬੈਗ ਨੂੰ ਪ੍ਰੋਤਸਾਹਤ ਕਰਨ ਲਈ ਵੀ ਕੋਈ ਮੁਹਿੰਮ ਨਹੀਂ ਚਲਾਈ, ਜਿਸ ਕਾਰਨ ਸ਼ਹਿਰ ਵਿਚ ਸਾਫ਼-ਸਫ਼ਾਈ ਦੀ ਸਮੱਸਿਆ ਲਗਾਤਾਰ ਵਿਗੜਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ! ਪੰਜਾਬ 'ਚ 14 ਮਾਰਚ ਨੂੰ ਲੈ ਕੇ ਹੋਇਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e