ਫਿਰੋਜ਼ਪੁਰ ''ਚ ਪ੍ਰੀਗਾਬਾਲਿਨ ਕੈਪਸੂਲ ਤੇ ਟੈਬਲੇਟ ''ਤੇ ਲੱਗੀ ਪਾਬੰਦੀ
Monday, Apr 13, 2026 - 06:13 PM (IST)
ਫਿਰੋਜ਼ਪੁਰ (ਸੋਨੂੰ ਚੋਪੜਾ): ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਅਮਨਦੀਪ ਕੌਰ ਨੇ 75 ਐੱਮ.ਜੀ. ਤੋਂ ਉਪਰ ਫਾਰਮੂਲੇਸ਼ਨ ਵਾਲੀ ਪ੍ਰੀਗਾਬਾਲਿਨ ਕੈਪਸੂਲ ਅਤੇ ਟੈਬਲੇਟ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਫ਼ਿਰੋਜ਼ਪੁਰ ਵੱਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਕੁਝ ਮਾੜੇ ਅਨਸਰਾਂ ਵੱਲੋਂ ਇਸ ਦਵਾਈ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਲਈ 75 ਐੱਮ.ਜੀ ਤੋਂ ਉੱਪਰ ਫਾਰਮੂਲੇਸ਼ਨ ਵਾਲੀ ਪ੍ਰੀਗਾਬਾਲਿਨ ਕੈਪਸੂਲ ਅਤੇ ਟੈਬਲੇਟ' ਤੇ ਪਾਬੰਦੀ ਲਗਾਉਣ ਦੀ ਜ਼ਰੂਰਤ ਹੈ।
ਹੁਕਮਾਂ ਵਿਚ ਰਿਟੇਲਰ, ਕੈਮਿਸਟ, ਮੈਡੀਕਲ ਸਟੋਰ ਮਾਲਕ, ਹਸਪਤਾਲ ਵਿਚ ਫਾਰਮਸਿਸਟ ਅਤੇ ਹੋਰ ਕੋਈ ਵੀ ਵਿਅਕਤੀ ਪ੍ਰੀਗਾਬਾਲਿਨ 75 ਐੱਮ.ਜੀ. ਬਿਨਾਂ ਅਸਲ ਪਰਚੀ ਦੇ ਨਹੀਂ ਵੇਚੇਗਾ। ਇਸ ਤੋਂ ਇਲਾਵਾ ਹੁਕਮਾਂ ਅਨੁਸਾਰ ਵੇਚਣ ਵਾਲੇ ਇਹ ਗੱਲ ਵੀ ਯਕੀਨੀ ਬਣਾਉਣਗੇ ਕਿ ਪ੍ਰੀਗਾਬਾਲਿਨ 75 ਐੱਮ.ਜੀ ਤਕ ਵੇਚੀ ਗਈ ਗੋਲੀ ਅਤੇ ਕੈਪਸੂਲ ਦਾ ਵੀ ਰਿਕਾਰਡ ਵੀ ਰੱਖਣਗੇ ਅਤੇ ਖਰੀਦ ਅਤੇ ਵੇਚ ਦਾ ਬਿੱਲ ਸਮੇਤ ਰਿਕਾਰਡ ਰੱਖਣਾ ਯਕੀਨੀ ਬਣਾਉਣਗੇ। ਅਸਲ ਪਰਚੀ ਦੇ ਉੱਪਰ ਸਟੈਂਪ ਸਮੇਤ ਇਨ੍ਹਾਂ ਚੀਜ਼ਾਂ ਜਿਵੇਂ ਕਿ ਕੈਮਿਸਟ/ ਰਿਟੇਲਰ/ ਟਰੇਡ ਦਾ ਨਾਂ, ਗੋਲੀਆਂ ਖਰੀਦਣ ਦੀ ਮਿਤੀ ਅਤੇ ਗੋਲੀਆਂ ਦੀ ਗਿਣਤੀ ਆਦਿ ਨੂੰ ਵੀ ਯਕੀਨੀ ਬਣਾਉਣਗੇ।
ਇਨ੍ਹਾਂ ਹੁਕਮਾਂ ਮੁਤਾਬਿਕ ਹਰ ਰਿਟੇਲਰ/ਕੈਮਿਸਟ, ਮੈਡੀਕਲ ਸਟੋਰ ਮਾਲਕ ਅਤੇ ਹਸਪਤਾਲ ਵਿਚ ਫਾਰਮਸਿਸਟ ਇਸ ਚੀਜ਼ ਨੂੰ ਵੀ ਯਕੀਨੀ ਬਣਾਉਣਗੇ ਕਿ ਖਰੀਦ ਕਰਨ ਵਾਲੇ ਵੱਲੋਂ ਅਸਲ ਪਰਚੀ ਦੇ ਉੱਪਰ ਪਹਿਲਾਂ ਹੀ ਕਿਸੇ ਹੋਰ ਦੁਕਾਨ ਤੋਂ ਇਹ ਦਵਾਈ (ਪ੍ਰੀਗਾਬਾਲਿਨ 75 ਐਮ.ਜੀ) ਨਾ ਖਰੀਦੀ ਗਈ ਹੋਵੇ। ਵੇਚਣ ਵਾਲੇ ਇਹ ਵੀ ਯਕੀਨੀ ਬਣਾਉਣਗੇ ਕਿ ਪਰਚੀ ਵਿਚ ਦਰਜ ਦਿਨਾਂ ਤੋਂ ਵੱਧ ਗਾਹਕ ਨੂੰ ਦਵਾਈ ਨਾ ਮੁਹੱਈਆ ਕਰਵਾਈ ਜਾਵੇ। ਜਿਨ੍ਹਾਂ ਮਰੀਜ਼ਾਂ ਨੂੰ ਅਸਲ ਵਿਚ ਇਹ ਦਵਾਈ ਦੀ ਜ਼ਰੂਰਤ ਹੈ, ਉਨ੍ਹਾਂ ਮਰੀਜ਼ਾਂ ਲਈ ਕੇਵਲ ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਦੇ ਅੰਦਰ ਜਨ ਔਸ਼ਧੀ ਜੈਨਰਿਕ ਡਰੱਗ ਸਟੋਰ ਦੁਆਰਾ ਚਲਾਏ ਜਾ ਰਹੇ ਮੈਡੀਕਲ ਸਟੋਰ ਵਿਚ ਉਪਲਬੱਧ ਰਹੇਗੀ।
