ਲੁਧਿਆਣਾ ''ਚ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜਿਆ! ਮਚਿਆ ਚੀਕ-ਚਿਹਾੜਾ
Wednesday, Oct 07, 2026 - 03:37 PM (IST)
ਲੁਧਿਆਣਾ (ਮਹਿੰਦਰੂ): ਲੁਧਿਆਣਾ ਵਿਚ ਇਕ ਤੇਜ਼ ਰਫ਼ਤਾਰ ਸਕੂਲ ਬੱਸ ਨੇ ਵਿਦਿਆਰਥਣ ਨੂੰ ਦਰੜ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਬੱਚੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਇਹ ਪੂਰਾ ਹਾਦਸਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਗਿਆ ਹੈ। ਬੱਚੀ ਦੀ ਉਮਰ 12 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉਹ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ।
ਸੀ. ਸੀ. ਟੀ. ਵੀ. ਫੁਟੇਜ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬੱਚੀ ਸਾਈਕਲ 'ਤੇ ਸਵਾਰ ਹੋ ਕੇ ਸਕੂਲ ਤੋਂ ਵਾਪਸ ਪਰਤ ਰਹੀ ਸੀ। ਇਸ ਦੌਰਾਨ ਇਕ ਨਿੱਜੀ ਸਕੂਲ ਦੀ ਬੱਸ ਉਸ ਦੇ ਨੇੜਿਓਂ ਤੇਜ਼ ਰਫ਼ਤਾਰ ਨਾਲ ਲੰਘਦੀ ਹੈ ਤੇ ਬੱਚੀ ਨੂੰ ਟੱਕਰ ਮਾਰ ਦਿੰਦੀ ਹੈ। ਇਸ ਮਗਰੋਂ ਵੀ ਡਰਾਈਵਰ ਨੇ ਕੁਝ ਮੀਟਰ ਤਕ ਬ੍ਰੇਕ ਨਹੀਂ ਮਾਰੀ ਤੇ ਬੱਚੀ ਬੱਸ ਦੇ ਹੇਠਾਂ ਆ ਗਈ। ਇਸ ਹਾਦਸੇ ਮਗਰੋਂ ਮੌਕੇ 'ਤੇ ਚੀਕ-ਚਿਹਾੜਾ ਮੱਚ ਗਿਆ। ਬੱਚੀ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ।
ਦੂਜੇ ਪਾਸੇ, ਪੁਲਸ ਦਾ ਕਹਿਣਾ ਹੈ ਕਿ ਫ਼ਿਲਹਾਲ ਬੱਚੀ ਦੇ ਮਾਪਿਆਂ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਮਾਮਲੇ ਦੀ ਸ਼ਿਕਾਇਤ ਮਿਲਣ 'ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਬੱਸ ਡਰਾਈਵਰ ਫ਼ਿਲਹਾਲ ਫ਼ਰਾਰ ਦੱਸਿਆ ਜਾ ਰਿਹਾ ਹੈ।
