ਚੰਡੀਗੜ੍ਹ ਵਾਲਿਆਂ ਨੂੰ ਛੇਤੀ ਮਿਲੇਗੀ ਅਵਾਰਾ ਕੁੱਤਿਆਂ ਤੋਂ ਰਾਹਤ
Wednesday, Mar 06, 2024 - 11:25 AM (IST)
ਚੰਡੀਗੜ੍ਹ (ਰਾਏ) : ਪਸ਼ੂ ਜਨਮ ਕੰਟਰੋਲ ਸੈਂਟਰ, ਰਾਏਪੁਰ ਕਲਾਂ ’ਚ 310 ਕੈਨਲ ਸਮਰੱਥਾ ਵਾਲੇ ਚੰਡੀਗੜ੍ਹ ਨਗਰ ਨਿਗਮ ਨੇ ਕੁੱਤਿਆਂ ਦੀ ਨਸਬੰਦੀ ਵਿਚ ਤੇਜ਼ੀ ਲਿਆਉਣ ਦੀ ਯੋਜਨਾ ਬਣਾਈ ਹੈ। ਮੇਅਰ ਕੁਲਦੀਪ ਕੁਮਾਰ ਨੇ ਜੁਆਇੰਟ ਕਮਿਸ਼ਨਰ ਅਤੇ ਸਿਹਤ ਮੈਡੀਕਲ ਅਫ਼ਸਰ ਈਸ਼ਾ ਕੰਬੋਜ ਦੇ ਨਾਲ ਸਬੰਧਤ ਸਿਹਤ ਨਿਗਰਾਨ ਦੇ ਨਾਲ ਸ਼ਾਮ ਨੂੰ ਰਾਏਪੁਰ ਕਲਾਂ ਦੇ ਏ. ਬੀ. ਸੀ. ਕੇਂਦਰ ਦਾ ਦੌਰਾ ਕਰ ਕੇ ਪ੍ਰਗਤੀ ਦੇ ਕੰਮ ਦਾ ਜਾਇਜ਼ਾ ਲਿਆ।
ਅਧਿਕਾਰੀਆਂ ਨੇ ਮੇਅਰ ਨੂੰ ਦੱਸਿਆ ਕਿ ਕੈਨਲ ਦੀ ਸਮਰੱਥਾ 310 ਹੈ ਅਤੇ ਕੇਂਦਰ ਵਿਚ ਕੁੱਤਿਆਂ ਦੀ ਦੇਖਭਾਲ ਦਾ ਇੱਕ ਯੂਨਿਟ ਵੀ ਹੈ, ਜਿੱਥੇ ਜ਼ਖ਼ਮੀ ਕੁੱਤਿਆਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਵਿਚ ਪ੍ਰਯੋਗਸ਼ਾਲਾ, ਹਸਪਤਾਲ ਅਤੇ ਆਪਰੇਸ਼ਨ ਥੀਏਟਰ ਹੈ। ਨਸਬੰਦੀ ਤੋਂ ਇਲਾਵਾ ਜੰਗਲੀ ਕੁੱਤਿਆਂ ਦਾ ਟੀਕਾਕਰਨ ਵੀ ਕੀਤਾ ਜਾਂਦਾ ਹੈ। ਮੇਅਰ ਨੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੂੰ ਜਲਦੀ ਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਕਿਉਂਕਿ ਸਬੰਧਤ ਮੁਲਾਜ਼ਮਾਂ ਨੂੰ ਏ. ਬੀ. ਸੀ. ਪ੍ਰੋਗਰਾਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ, ਜਿਸ ਨਾਲ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਵਿਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲ ਆਵਾਰਾ ਕੁੱਤਿਆਂ ਨੂੰ ਚੁੱਕਣ ਅਤੇ ਏ.ਬੀ.ਸੀ. ਕੇਂਦਰਾਂ ਵਿਚ ਨਸਬੰਦੀ ਕਰਨ ਲਈ ਲੋੜੀਂਦੇ ਵਾਹਨ ਹਨ। ਨਾਲ ਹੀ 1000 ਕੁੱਤਿਆਂ ਦੀ ਸਮਰੱਥਾ ਵਾਲਾ ਇੱਕ ਹੋਰ ਸੈਂਟਰ ਬਣਾਇਆ ਜਾ ਸਕਦਾ ਹੈ। ਮੇਅਰ ਨੇ ਟੀਮ ਨਾਲ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਪਸ਼ੂਆਂ ਦੇ ਚਾਰੇ ਦਾ ਜਾਇਜ਼ਾ ਵੀ ਲਿਆ।