ਅਵਾਰਾ ਕੁੱਤੇ ਨੇ ਨੌਜਵਾਨ ’ਤੇ ਹਮਲਾ ਕਰਕੇ ਕੀਤਾ ਜ਼ਖ਼ਮੀ
Thursday, Jul 24, 2025 - 01:30 PM (IST)

ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਰੇਲਵੇ ਫਾਟਕ ਪਾਰ ਅਮਰਦੀਪ ਕਾਲੋਨੀ ਵਿਖੇ ਗਲੀ ਵਿੱਚ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾ ਰਹੇ ਇੱਕ ਨੌਜਵਾਨ 'ਤੇ ਅਵਾਰਾ ਕੁੱਤੇ ਨੇ ਹਮਲਾ ਕਰ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਕੁੱਤੇ ਨੇ ਨੌਜਵਾਨ ਦੀ ਸੱਜੀ ਲੱਤ ਦੇ ਹੇਠਲੇ ਹਿੱਸੇ ਨੂੰ ਬੁਰੀ ਤਰ੍ਹਾਂ ਕੱਟਿਆ ਹੈ, ਜਿਸ ਨਾਲ ਲੱਤ ਵਿੱਚ ਡੂੰਘਾ ਜ਼ਖ਼ਮ ਹੋ ਗਿਆ। ਇਸ ਹਮਲੇ ਤੋਂ ਬਾਅਦ ਕਾਲੋਨੀ ਵਾਸੀ ਵੀ ਡਰ ਦੇ ਮਾਹੌਲ ਵਿੱਚ ਹਨ। ਲੋਕਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਸਥਾਨਕ ਲੋਕਾਂ ਵਿੱਚ ਕੌਂਸਲ ਵਿਰੁੱਧ ਰੋਸ ਹੈ।
ਕੁੱਤੇ ਦੇ ਕੱਟਣ ਦਾ ਸ਼ਿਕਾਰ ਹੋਏ ਵਿਅਕਤੀ ਨੇ ਨਗਰ ਕੌਂਸਲ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਡੇਰਾਬੱਸੀ ਦੀ ਅਮਰਦੀਪ ਕਾਲੋਨੀ ਦੇ ਰਹਿਣ ਵਾਲੇ 25 ਸਾਲਾ ਅਮਨਦੀਪ ਸਿੰਘ ਪੁੱਤਰ ਮਨਮੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਆਨਲਾਈਨ ਡਿਲੀਵਰੀ ਕੰਪਨੀ ਵਿੱਚ ਕੰਮ ਕਰਦਾ ਹੈ। ਮੰਗਲਵਾਰ ਰਾਤ ਕਰੀਬ 9 ਵਜੇ ਉਹ ਆਪਣੇ ਪਾਲਤੂ ਕੁੱਤੇ ਨੂੰ ਗਲੀ ਵਿੱਚ ਸੈਰ ਕਰਵਾਉਣ ਲਈ ਲੈ ਜਾ ਰਿਹਾ ਸੀ। ਇਸ ਦੌਰਾਨ ਕੁਝ ਆਵਾਰਾ ਕੁੱਤੇ ਉਸਦੇ ਪਾਲਤੂ ਕੁੱਤੇ ਦਾ ਪਿੱਛਾ ਕਰਨ ਲੱਗ ਪਏ।
ਜਿਵੇਂ ਹੀ ਇੱਕ ਕੁੱਤਾ ਉਸਦੇ ਪਾਲਤੂ ਕੁੱਤੇ ਨੂੰ ਕੱਟਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਅਮਨਦੀਪ ਨੇ ਤੁਰੰਤ ਪਾਲਤੂ ਕੁੱਤੇ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਬਚਾਇਆ। ਇਸ ਦੌਰਾਨ ਅਵਾਰਾ ਕੁੱਤੇ ਨੇ ਉਸਦੀ ਲੱਤ ਫੜ੍ਹ ਲਈ। ਉਹ ਗਲੀ ਵਿੱਚ ਡਿੱਗ ਪਿਆ ਅਤੇ ਇੱਕ ਹੱਥ ਨਾਲ ਪਾਲਤੂ ਕੁੱਤੇ ਨੂੰ ਬਚਾਉਂਦਾ ਰਿਹਾ, ਜਦੋਂ ਕਿ ਇੱਕ ਲੱਤ ਅਤੇ ਇੱਕ ਬਾਂਹ ਨਾਲ ਕੁੱਤੇ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁੱਝ ਗੁਆਂਢੀ ਡੰਡੇ ਲੈ ਕੇ ਬਾਹਰ ਆਏ, ਜਿਸ ਤੋਂ ਬਾਅਦ ਹਮਲਾਵਰ ਕੁੱਤਾ ਉਸਨੂੰ ਛੱਡ ਕੇ ਭੱਜ ਗਿਆ। ਉਸਦੇ ਜ਼ਖ਼ਮ ਵਿੱਚੋਂ ਬਹੁਤ ਖੂਨ ਵਹਿ ਰਿਹਾ ਸੀ। ਜ਼ਖ਼ਮ ਕਾਰਨ ਡਾਕਟਰਾਂ ਨੇ ਉਸਨੂੰ 5 ਦਿਨ ਆਰਾਮ ਕਰਨ ਲਈ ਕਿਹਾ ਹੈ।