ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ
Wednesday, Nov 01, 2017 - 02:50 AM (IST)

ਕੋਟਕਪੂਰਾ, (ਨਰਿੰਦਰ, ਭਾਵਿਤ)- ਪੁਲਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੁਲਸ ਨੇ ਸੀ. ਸੀ. ਟੀ. ਵੀ. ਫ਼ੁਟੇਜ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਹ ਸਫ਼ਲਤਾ ਹਾਸਲ ਕੀਤੀ ਤੇ ਕਾਰਵਾਈ ਦੌਰਾਨ ਉਕਤ ਵਿਅਕਤੀ ਨੂੰ ਇਕ ਮੋਟਰਸਾਈਕਲ ਸਮੇਤ ਕਾਬੂ ਕਰਨ ਤੋਂ ਬਾਅਦ ਉਸ ਕੋਲੋਂ ਛੇ ਹੋਰ ਮੋਟਰਸਾਈਕਲ ਵੀ ਬਰਾਬਦ ਕੀਤੇ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਥਾਣਾ ਮੁਖੀ ਕੇ. ਸੀ. ਪਰਾਸ਼ਰ ਨੇ ਦੱਸਿਆ ਕਿ ਏ. ਐੱਸ. ਆਈ. ਗੁਰਬਿੰਦਰ ਸਿੰਘ ਭਲਵਾਨ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ ਸੂਏ ਦੇ ਪੁਲ ਕੋਲ ਦੇਵੀਵਾਲਾ ਰੋਡ ਕੋਟਕਪੂਰਾ ਤੋਂ ਜਗਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੋਰਾਂਵਾਲੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਪਰ ਉਸ ਦਾ ਸਾਥੀ ਪਵਨ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਦੁਆਰੇਆਣਾ ਰੋਡ ਕੋਟਕਪੂਰਾ ਫਰਾਰ ਹੋਣ 'ਚ ਸਫ਼ਲ ਹੋ ਗਿਆ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਜਗਜੀਤ ਦੇ ਘਰੋਂ 6 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ, ਜੋ ਉਸ ਨੇ ਪਵਨ ਕੁਮਾਰ ਨਾਲ ਰਲ ਕੇ ਚੋਰੀ ਕਰਨ ਦੀ ਗੱਲ ਮੰਨੀ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।