ਦੋ ਘਰਾਂ ''ਚੋਂ ਦਿਨ-ਦਿਹਾੜੇ ਚੋਰੀ
Wednesday, Oct 04, 2017 - 02:23 AM (IST)
ਭੁਲੱਥ, (ਭੂਪੇਸ਼)- ਚੋਰਾਂ ਵੱਲੋਂ ਕਸਬਾ ਭੁਲੱਥ ਖੇਤਰ 'ਚ ਚੋਰੀਆਂ ਦਾ ਸਿਲਸਿਲਾ ਕੁੱਝ ਸਮਾਂ ਰੁਕਣ ਮਗਰੋਂ ਮੁੜ ਇਸ ਖੇਤਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਵਾਰਡ ਨੰ. 13 ਦੇ ਦੋ ਭਰਾਵਾਂ ਦੇ ਘਰ 'ਚ ਦਿਨ-ਦਿਹਾੜੇ ਨਕਦੀ, ਗਹਿਣੇ, ਏ. ਟੀ. ਐੱਮ., ਮੋਬਾਇਲ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ।
ਮਕਾਨ ਮਾਲਕ ਚਰਨ ਸਿੰਘ ਨੇ ਦੱਸਿਆ ਕਿ ਅਸੀਂ ਤੇ ਮੇਰੇ ਭਰਾ ਸ਼ਰਨ ਸਿੰਘ ਦਾ ਪਰਿਵਾਰ ਤੜਕੇ 6 ਵਜੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨਮਸਤਕ ਹੋਣ ਗਏ ਸੀ, ਜਦ ਅਸੀਂ ਸ਼ਾਮ ਪੌਣੇ ਛੇ ਵਜੇ ਘਰ ਆ ਕੇ ਦੇਖਿਆ ਤਾਂ ਸਾਡੇ ਦੋਵੇਂ ਘਰਾਂ ਦੇ ਤਾਲੇ ਟੁੱਟੇ ਸਨ, ਜਦ ਉਨ੍ਹਾਂ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਇਕ ਮੋਬਾਇਲ, ਸੋਨੇ ਦੀ ਚੇਨ ਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ। ਸ਼ਰਨ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੇ ਦੱਸਿਆ ਕਿ ਸਾਡੇ ਘਰੋਂ 30 ਹਜ਼ਾਰ ਰੁਪਏ ਨਕਦੀ, ਏ. ਟੀ. ਐੱਮ , ਢਾਈ ਤੋਲੇ ਸੋਨੇ ਦੇ ਗਹਿਣੇ ਚੋਰੀ ਹੋਏ ਹਨ, ਸਗੋਂ ਚੋਰਾਂ ਨੇ ਉਨ੍ਹਾਂ ਦੇ ਏ. ਟੀ. ਐੱਮ. 'ਚੋਂ 20 ਹਜ਼ਾਰ ਰੁਪਏ ਕਰਤਾਰਪੁਰ ਬੈਂਕ ਏ. ਟੀ. ਐੱਮ. ਰਾਹੀਂ ਕੱਢਵਾ ਲਏ।
ਇਸ ਮਾਮਲੇ 'ਚ ਭਾਵੇਂ ਚੋਰੀ ਦਾ ਸੁਰਾਗ ਲਗਾਉਣ ਲਈ ਪੁਲਸ ਜੁੱਟ ਚੁੱਕੀ ਹੈ ਪਰ ਹਾਲੇ ਪੁਲਸ ਨੂੰ ਇਕ ਹਫਤਾ ਪਹਿਲਾਂ ਦੋ ਘਰਾਂ 'ਚ ਹੋਈ ਚੋਰੀ ਤੇ ਭੁਲੱਥ 'ਚ ਇਕ ਵਿਅਕਤੀ ਦਾ ਦਿਨ-ਦਿਹਾੜੇ ਘਰ 'ਚ ਹੀ ਕਤਲ ਕਰਨਾ ਪੁਲਸ ਲਈ ਪਹਿਲਾਂ ਹੀ ਗਲੇ ਦੀ ਹੱਡੀ ਬਣਿਆ ਪਿਆ ਹੈ। ਜਿਨ੍ਹਾਂ ਘਰਾਂ 'ਚ ਚੋਰੀ ਹੋਈ, ਉਨ੍ਹਾਂ ਦੇ ਲਾਗਲੇ ਦੋ ਘਰਾਂ 'ਚ ਸੀ. ਸੀ. ਟੀ. ਵੀ. ਕੈਮਰੇ ਵੀ ਫਿੱਟ ਹਨ, ਜੇਕਰ ਉਨ੍ਹਾਂ 'ਚ ਚੋਰਾਂ ਦੀ ਫੁਟੇਜ ਆ ਗਈ ਤਾਂ ਪੁਲਸ ਲਈ ਇਹ ਵਰਦਾਨ ਸਾਬਤ ਹੋਵੇਗਾ। ਫਿਲਹਾਲ ਭੁਲੱਥ ਪੁਲਸ ਦੇ ਤਿੰਨੋਂ ਮਾਮਲਿਆਂ ਦੀ ਬਾਬਤ ਹੱੱਥ ਮਹਿਜ ਖਾਲੀ ਹੀ ਹਨ ।
