ਗੁਰੂ ਕੀ ਨਗਰੀ ਨੂੰ ਸਮਾਰਟ ਬਣਾਉਣ ਦਾ ਕੰਮ ਸ਼ੁਰੂ

02/15/2018 4:16:33 AM

ਅੰਮ੍ਰਿਤਸਰ,   (ਨੀਰਜ/ਕਮਲ/ਰਮਨ)-  ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦੇ ਪ੍ਰਾਜੈਕਟ 'ਚ ਸ਼ਾਮਲ ਕਰਨ ਤੋਂ ਬਾਅਦ ਅੱਜ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਮਾਰਟ ਸਿਟੀ ਪ੍ਰਾਜੈਕਟ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਕੀਤੀ ਗਈ ਹੈ, ਜਿਸ ਵਿਚ ਅੱਜ ਹਲਕਾ ਵਿਧਾਇਕ ਓ. ਪੀ. ਸੋਨੀ, ਸੀ. ਈ. ਓ. ਅੰਮ੍ਰਿਤਸਰ ਸਮਾਰਟ ਸਿਟੀ ਦੀਪਤੀ ਉੱਪਲ ਅਤੇ ਡਿਪਟੀ ਮੇਅਰ ਨੇ ਹਲਕਾ ਕੇਂਦਰੀ ਦੇ ਇਲਾਕਿਆਂ ਸ਼ਕਤੀ ਨਗਰ ਤੇ ਮਜੀਠ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਇਲਾਕੇ ਦੇ ਪਾਰਕਾਂ ਨੂੰ ਸੁੰਦਰ ਬਣਾਉਣ ਤੇ ਟ੍ਰੈਫਿਕ ਕੰਟਰੋਲ ਕਰਨ ਲਈ ਪਾਰਕਿੰਗ ਦੀ ਵਿਵਸਥਾ ਕੀਤੇ ਜਾਣ ਦੇ ਮੁੱਦੇ 'ਤੇ ਚਰਚਾ ਕੀਤੀ ਗਈ।
ਸਮਾਰਟ ਸਿਟੀ ਪ੍ਰਾਜੈਕਟ ਬਾਰੇ ਦੱਸ ਦੇਈਏ ਕਿ ਇਸ ਪ੍ਰਾਜੈਕਟ 'ਚ ਵਰਲਡ ਸਿਟੀ ਦੇ ਇਲਾਕੇ ਨੂੰ ਸੁੰਦਰ ਬਣਾਉਣਾ, ਵਧੀਆ ਟ੍ਰੈਫਿਕ ਸਿਸਟਮ ਬਣਾਉਣਾ, ਵਧੀਆ ਸੀਵਰੇਜ ਸਿਸਟਮ, ਪਾਣੀ ਦੀ ਵਿਵਸਥਾ, ਅੰਡਰਗਰਾਊਂਡ ਕੇਬਲ ਆਦਿ ਦੀ ਸਹੂਲਤ ਦਿੱਤੇ ਜਾਣਾ ਸ਼ਾਮਲ ਹੈ ਤਾਂ ਕਿ ਗੁਰੂ ਕੀ ਨਗਰੀ ਨੂੰ ਦੇਸ਼ ਦੇ ਸਭ ਤੋਂ ਸੁੰਦਰ ਸ਼ਹਿਰਾਂ 'ਚ ਸ਼ਾਮਲ ਕੀਤਾ ਜਾ ਸਕੇ ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਟੂਰਿਸਟਾਂ ਨੂੰ ਸਮਾਰਟ ਸਹੂਲਤਾਂ ਮਿਲ ਸਕਣ।
3 ਹਜ਼ਾਰ ਕਰੋੜ ਦਾ ਪ੍ਰਾਜੈਕਟ, 3 ਸਾਲ 'ਚ ਹੋਵੇਗਾ ਪੂਰਾ
ਸਮਾਰਟ ਸਿਟੀ ਪ੍ਰਾਜੈਕਟ ਦੀ ਸੀ. ਈ. ਓ. ਦੀਪਤੀ ਉੱਪਲ ਅਨੁਸਾਰ ਇਸ ਪ੍ਰਾਜੈਕਟ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੁਲ 3 ਹਜ਼ਾਰ ਕਰੋੜ ਰੁਪਇਆ ਖਰਚ ਕੀਤਾ ਜਾ ਰਿਹਾ ਹੈ। ਇਸ ਵਿਚ 500 ਕਰੋੜ ਕੇਂਦਰ ਸਰਕਾਰ ਤੇ 500 ਕਰੋੜ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣਾ ਹੈ। ਪ੍ਰਾਜੈਕਟ ਦੀ ਸ਼ੁਰੂਆਤ 'ਚ ਸਰਕਾਰ ਵੱਲੋਂ 25 ਕਰੋੜ ਰੁਪਏ ਦੀ ਰਾਸ਼ੀ ਆਈ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ਵਿਚ ਖਰਚ ਕੀਤਾ ਜਾਵੇਗਾ। ਇਕ ਮਹੀਨੇ 'ਚ ਟੈਂਡਰ ਕੱਢੇ ਜਾਣਗੇ ਤਾਂ ਕਿ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਜਾ ਸਕੇ। ਇਸ ਪ੍ਰਾਜੈਕਟ ਨੂੰ 3 ਸਾਲ ਵਿਚ ਪੂਰਾ ਕੀਤਾ ਜਾਣਾ ਹੈ, ਮਿਆਦ ਨੂੰ ਵਧਾਇਆ ਵੀ ਜਾ ਸਕਦਾ ਹੈ।


Related News