ਨਵੀਂ ਕੇਂਦਰ ਸਰਕਾਰ 'ਚ ਨਵਾਂ ਮੰਤਰੀ ਆਉਣ ’ਤੇ ਤੇਜ਼ ਹੋ ਸਕਦੀ ਹੈ ਜਲੰਧਰ ਸਮਾਰਟ ਸਿਟੀ ਦੇ ਘਪਲਿਆਂ ਦੀ ਜਾਂਚ

06/07/2024 4:44:46 PM

ਜਲੰਧਰ (ਖੁਰਾਣਾ)–ਕੰਟਰੋਲਰ ਐਂਡ ਆਡਿਟਰ ਜਨਰਲ ਆਫ਼ ਇੰਡੀਆ (ਕੈਗ) ਦੀ ਇਕ ਟੀਮ ਨੇ ਸੀਨੀਅਰ ਆਡਿਟ ਆਫਿਸਰ ਸ਼ਸ਼ੀ ਕੁਮਾਰ ਦੀ ਅਗਵਾਈ ਵਿਚ ਜਲੰਧਰ ਸਮਾਰਟ ਸਿਟੀ ਦੇ 2015-16 ਤੋਂ ਲੈ ਕੇ 2022-23 ਤਕ ਦੇ ਖਾਤਿਆਂ ਦਾ ਆਡਿਟ ਕਰਕੇ ਜੋ ਰਿਪੋਰਟ ਤਿਆਰ ਕੀਤੀ ਹੈ, ਉਸ ਨਾਲ ਜਲੰਧਰ ਸਮਾਰਟ ਸਿਟੀ ਵਿਚ ਉਨ੍ਹਾਂ ਘਪਲਿਆਂ ਦੇ ਕਈ ਸਬੂਤ ਸਾਹਮਣੇ ਆ ਗਏ ਹਨ, ਜਿਨ੍ਹਾਂ ਸਬੰਧੀ ਕਈ ਸਾਲਾਂ ਤੋਂ ਦੋਸ਼ ਲੱਗ ਰਹੇ ਹਨ। ਕੈਗ ਦੀ ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਜਲੰਧਰ ਸਮਾਰਟ ਸਿਟੀ ਵਿਚ ਸਭ ਤੋਂ ਜ਼ਿਆਦਾ ਘਪਲੇ 2021 ਅਤੇ 2022 ਵਿਚ ਹੋਏ, ਜਦੋਂ ਪੰਜਾਬ ਅਤੇ ਜਲੰਧਰ ਨਿਗਮ ਵਿਚ ਕਾਂਗਰਸ ਦੀ ਸਰਕਾਰ ਸੀ। ਉਨ੍ਹਾਂ 2 ਸਾਲਾਂ ਦੌਰਾਨ ਖ਼ਰਚ 535 ਕਰੋੜ ਤੋਂ ਵੀ ਜ਼ਿਆਦਾ ਹੋ ਗਿਆ। ਰਿਪੋਰਟ ਵਿਚ ਸਾਫ਼ ਲਿਖਿਆ ਹੈ ਕਿ ਕਿਸ ਤਰ੍ਹਾਂ ਚਹੇਤੇ ਠੇਕੇਦਾਰਾਂ ਨੂੰ ਵਾਰ-ਵਾਰ ਫਾਇਦਾ ਪਹੁੰਚਾਇਆ ਗਿਆ ਅਤੇ ਅੱਖਾਂ ਬੰਦ ਕਰਕੇ ਉਨ੍ਹਾਂ ਦੀ ਪੇਮੈਂਟ ਕੀਤੀ ਗਈ। ਅਜਿਹਾ ਕਰਕੇ ਕਿਸ ਤਰ੍ਹਾਂ ਸਰਕਾਰੀ ਅਫ਼ਸਰਾਂ ਨੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ।

ਪਿਛਲੇ 10 ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਵਿਚ ਹੋਏ ਕਰੋੜਾਂ ਰੁਪਏ ਦੇ ਘਪਲਿਆਂ ਦਾ ਮੁੱਦਾ ਕੇਂਦਰ ਸਰਕਾਰ ਕੋਲ ਪਹੁੰਚ ਚੁੱਕਾ ਹੈ ਅਤੇ ਕੇਂਦਰ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਜਲੰਧਰ ਵਿਚ ਇਕ ਟੀਮ ਭੇਜ ਕੇ ਸਮਾਰਟ ਸਿਟੀ ਵਿਚ ਹੋਏ ਘਪਲਿਆਂ ਸਬੰਧੀ ਕਾਫ਼ੀ ਵੇਰਵਾ ਜੁਟਾ ਵੀ ਲਿਆ ਸੀ। ਕੇਂਦਰ ਸਰਕਾਰ ਤਕ ਇਹ ਮਾਮਲਾ ਤਤਕਾਲੀਨ ਮੰਤਰੀ ਅਰਜੁਨ ਰਾਮ ਮੇਘਵਾਲ, ਅਨੁਰਾਗ ਠਾਕੁਰ ਅਤੇ ਹਰਦੀਪ ਸਿੰਘ ਪੁਰੀ ਆਦਿ ਵੱਲੋਂ ਪਹੁੰਚਾਇਆ ਗਿਆ ਸੀ ਪਰ ਹੁਣ ਜਿਸ ਤਰ੍ਹਾਂ ਨਵੀਂ ਕੇਂਦਰ ਸਰਕਾਰ ਦਾ ਗਠਨ ਹੋਣ ਜਾ ਰਿਹਾ ਹੈ ਅਤੇ ਉਸ ਸਰਕਾਰ ਵਿਚ ਕੇਂਦਰੀ ਮੰਤਰੀ ਵੀ ਨਵੇਂ ਹੋਣਗੇ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਕੇਂਦਰੀ ਪੱਧਰ ’ਤੇ ਜਲੰਧਰ ਸਮਾਰਟ ਸਿਟੀ ਸਕੈਂਡਲ ਦੀ ਜਾਂਚ ਦਾ ਕੰਮ ਤੇਜ਼ ਹੋ ਜਾਵੇਗਾ।

ਇਹ ਵੀ ਪੜ੍ਹੋ- ਸੰਗਠਨ ਦੇ ਵਰਕਿੰਗ ਸਟਾਈਲ ’ਚ ਫਿੱਟ ਨਹੀਂ ਹੋਏ ਰਿੰਕੂ, ਭਾਜਪਾ ’ਚ ਰਹਿੰਦੇ ਕਾਂਗਰਸ ਤੇ 'ਆਪ' ਦੇ ਸਟਾਈਲ ’ਚ ਲੜੀ ਚੋਣ

ਕੈਗ ਦੀ ਰਿਪੋਰਟ ਵਿਚ ਇਹ ਸਾਫ਼ ਹੋ ਚੁੱਕਾ ਹੈ ਕਿ ਜਲੰਧਰ ਸਮਾਰਟ ਸਿਟੀ ਦੇ ਜ਼ਿਆਦਾਤਰ ਪ੍ਰਾਜੈਕਟਾਂ ਵਿਚ ਗੜਬੜੀ ਹੋਈ। ਕੈਗ ਰਿਪੋਰਟ ਤਾਂ ਇਹ ਵੀ ਦੱਸ ਚੁੱਕੀ ਹੈ ਕਿ ਜ਼ਿਆਦਾ ਗੜਬੜੀ ਕਿਸ ਅਫ਼ਸਰ ਦੇ ਕਾਰਜਕਾਲ ਵਿਚ ਹੋਈ, ਕਦੋਂ-ਕਦੋਂ ਹੋਈ, ਕਿੰਨੇ ਦੀ ਹੋਈ ਅਤੇ ਕਿਵੇਂ-ਕਿਵੇਂ ਹੋਈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਵੀ ਕੈਗ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕਰਨੀ ਪਵੇਗੀ। ਵੈਸੇ ਵੀ ਸਟੇਟ ਵਿਜੀਲੈਂਸ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਚੁੱਕੀ ਹੈ।

ਕਿਸ ਪ੍ਰਾਜੈਕਟ ਦੇ ਸਮੇਂ ਕੌਣ-ਕੌਣ ਅਫ਼ਸਰ ਰਿਹਾ, ਬਣ ਚੁੱਕੀ ਹੈ ਸੂਚੀ
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਭਗ 2 ਸਾਲ ਪਹਿਲਾਂ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀ ਜਾਂਚ ਦਾ ਜ਼ਿੰਮਾ ਸਟੇਟ ਵਿਜੀਲੈਂਸ ਨੂੰ ਸੌਂਪਿਆ ਸੀ। ਵਿਜੀਲੈਂਸ ਦੇ ਜਲੰਧਰ ਬਿਊਰੋ ਨੇ ਇਸ ਦਿਸ਼ਾ ਵਿਚ ਜਾਂਚ ਸ਼ੁਰੂ ਵੀ ਕਰ ਰੱਖੀ ਹੈ। ਵਿਜੀਲੈਂਸ ਦੇ ਅਧਿਕਾਰੀਆਂ ਨੇ ਸਮਾਰਟ ਸਿਟੀ ਜਲੰਧਰ ਆਫਿਸ ਜਾ ਕੇ ਉਨ੍ਹਾਂ ਅਫਸਰਾਂ ਦਾ ਰਿਕਾਰਡ ਜੁਟਾ ਲਿਆ ਹੈ, ਜੋ ਪ੍ਰਾਜੈਕਟਾਂ ਸਮੇਂ ਤਾਇਨਾਤ ਰਹੇ। ਵਿਜੀਲੈਂਸ ਵੱਲੋਂ ਹੁਣ ਜਾਂਚ ਕੰਮ ਵਿਚ ਪੰਜਾਬ ਸਰਕਾਰ ਵੱਲੋਂ ਉਪਲੱਬਧ ਕਰਵਾਈਆਂ ਜਾ ਰਹੀਆਂ ਟੈਕਨੀਕਲਾਂ ਟੀਮਾਂ ਦਾ ਸਹਿਯੋਗ ਲਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਅਤੇ ਟੈਕਨੀਕਲ ਟੀਮਾਂ ਨਾਲ ਜੁੜੇ ਅਧਿਕਾਰੀ ਪ੍ਰਾਜੈਕਟਾਂ ਦੀ ਸਾਈਟ ’ਤੇ ਜਾ ਕੇ ਟੈਕਨੀਕਲ ਰਿਪੋਰਟ ਤਿਆਰ ਕਰਨਗੇ, ਜਿਸ ਦੇ ਆਧਾਰ ’ਤੇ ਐੱਫ਼. ਆਈ. ਆਰ. ਦਰਜ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਚੋਣਾਂ 'ਚ ਮਿਲੀ ਹਾਰ ਮਗਰੋਂ ਗਾਇਕ ਹੰਸ ਰਾਜ ਹੰਸ ਦਾ ਵੱਡਾ ਬਿਆਨ, 27 ਦੀਆਂ ਚੋਣਾਂ ਸਬੰਧੀ ਕਹੀਆਂ ਅਹਿਮ ਗੱਲਾਂ

ਵਿਜੀਲੈਂਸ ਦੇ ਡਰ ਕਾਰਨ ਸਮਾਰਟ ਸਿਟੀ ਦੇ ਸਾਰੇ ਕੰਮ ਬੰਦ
ਜਲੰਧਰ ਸਮਾਰਟ ਸਿਟੀ ਦੇ ਘਪਲਿਆਂ ਸਬੰਧੀ ਕਈ ਫਾਈਲਾਂ ਵਿਜੀਲੈਂਸ ਬਿਊਰੋ ਦੇ ਜਲੰਧਰ ਯੂਨਿਟ ਕੋਲ ਪਈਆਂ ਹੋਈਆਂ ਹਨ। ਅਜਿਹੇ ਵਿਚ ਜਲੰਧਰ ਸਮਾਰਟ ਸਿਟੀ ਅਤੇ ਜਲੰਧਰ ਨਗਰ ਨਿਗਮ ਵਿਚ ਕੰਮ ਕਰ ਰਹੇ ਅਫਸਰਾਂ ਵਿਚ ਵਿਜੀਲੈਂਸ ਦਾ ਡਰ ਬਣਿਆ ਹੋਇਆ ਹੈ। ਅਜਿਹੇ ਵਿਚ ਕੋਈ ਵੀ ਅਫਸਰ ਸਮਾਰਟ ਸਿਟੀ ਦੀ ਕਿਸੇ ਵੀ ਫਾਈਲ ਨੂੰ ਹੱਥ ਨਹੀਂ ਲਗਾ ਰਿਹਾ ਤਾਂ ਜੋ ਉਸ ਨੂੰ ਬਾਅਦ ਵਿਚ ਵਿਜੀਲੈਂਸ ਦੀ ਪੁੱਛਗਿੱਛ ਦਾ ਸ਼ਿਕਾਰ ਨਾ ਹੋਣਾ ਪਵੇ। ਇਸੇ ਕਾਰਨ ਸਮਾਰਟ ਸਿਟੀ ਦੇ ਜ਼ਿਆਦਾਤਰ ਪ੍ਰਾਜੈਕਟ ਲਟਕੇ ਹੋਏ ਹਨ। ਅਧੂਰੇ ਪ੍ਰਾਜੈਕਟਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।

ਥਰਡ ਪਾਰਟੀ ਆਡਿਟ ਵੀ ਹੋਇਆ ਸੀ ਪਰ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ
ਸਮਾਰਟ ਸਿਟੀ ਪ੍ਰਾਜੈਕਟਾਂ ਨੂੰ ਲੈ ਕੇ ਆ ਰਹੀਆਂ ਸ਼ਿਕਾਇਤਾਂ ਕਾਰਨ ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਸਰਕਾਰ ਵੱਲੋਂ ਨਿਯੁਕਤ ਥਰਡ ਪਾਰਟੀ ਏਜੰਸੀ ਸ਼੍ਰੀਖੰਡੇ ਕੰਸਲਟੈਂਸੀ ਨੇ ਸਮਾਰਟ ਸਿਟੀ ਦੇ ਕੁਝ ਪ੍ਰਾਜੈਕਟਾਂ ਦਾ ਥਰਡ ਪਾਰਟੀ ਆਡਿਟ ਕਰਕੇ ਕਈ ਕਮੀਆਂ ਕੱਢੀਆਂ ਸਨ ਪਰ ਉਨ੍ਹਾਂ ਕਮੀਆਂ ਨੂੰ ਵੀ ਦੂਰ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਰਿਪੋਰਟ ਨੂੰ ਗੰਭੀਰਤਾ ਨਾਲ ਲਿਆ ਗਿਆ। ਹੁਣ ਕੈਗ ਰਿਪੋਰਟ ਵਿਚ ਵੀ ਅਜਿਹੀਆਂ ਹੀ ਗੜਬੜੀਆਂ ਦਾ ਜ਼ਿਕਰ ਹੈ।

ਇਹ ਵੀ ਪੜ੍ਹੋ- ਪੰਜਾਬ ’ਚ ‘ਆਪ’ ਅਤੇ ਕਾਂਗਰਸ ਦਾ ਵੋਟ ਸ਼ੇਅਰ 26-26 ਫ਼ੀਸਦੀ ’ਤੇ ਪੁੱਜਾ, ਭਾਜਪਾ ਤੀਜੇ ਸਥਾਨ ’ਤੇ ਰਹੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News