ਸਟਾਫ਼ ਦੀ ਕਮੀ ਨਾਲ ਜੂਝ ਰਿਹੈ ਹੁਸ਼ਿਆਰਪੁਰ ਪਾਵਰਕਾਮ ਸਰਕਲ

08/20/2018 1:38:37 AM

ਹੁਸ਼ਿਆਰਪੁਰ,   (ਅਮਰਿੰਦਰ)-  ਆਊਟਸੋਰਸਿੰਗ  ਜ਼ਰੀਏ ਕੰਮ ਕਰਵਾਉਣ ’ਤੇ ਨਿਰਭਰ ਹੁੰਦੇ ਜਾ ਰਹੇ ਪਾਵਰਕਾਮ ਦੀ ਯੋਜਨਾ ਦਾ ਖਮਿਆਜ਼ਾ ਹੁਸ਼ਿਆਰਪੁਰ ਸਰਕਲ ਨੂੰ ਭੁਗਤਣਾ ਪੈ ਰਿਹਾ ਹੈ। ਹਾਲ ਇਹ ਹੈ ਕਿ ਇਸ ਸਮੇਂ ਹੁਸ਼ਿਆਰਪੁਰ ਪਾਵਰਕਾਮ ਸਰਕਲ ’ਚ 50 ਫੀਸਦੀ ਦੇ ਕਰੀਬ ਮਨਜ਼ੂਰਸ਼ੁਦਾ ਅਹੁਦੇ ਖਾਲੀ ਹੋਣ ਕਾਰਨ ਕੰਮਕਾਜ ’ਤੇ ਵੀ ਅਸਰ ਪੈ ਰਿਹਾ ਹੈ। ਇਕ ਪਾਸੇ ਕੰਮ ਦੇ ਬੋਝ ਹੇਠਾਂ ਦੱਬੇ ਰੈਗੂਲਰ ਕਰਮਚਾਰੀਆਂ ’ਚ ਰੋਸ ਵਧ ਰਿਹਾ ਹੈ,  ਉਥੇ ਹੀ ਸਟਾਫ਼ ਦੀ ਕਮੀ ਕਾਰਨ ਸੂਬੇ ਦੀ ਬਿਜਲੀ ਵਿਵਸਥਾ ਦਰੁਸਤ ਕਰਨ ਵਾਲੇ ਪਾਵਰਕਾਮ ਦੀ ਖੁਦ ਦੀ ਵਿਵਸਥਾ ਠੱਪ ਹੁੰਦੀ ਜਾ ਰਹੀ ਹੈ। ਪਾਵਰਕਾਮ ਸੂਤਰਾਂ ਅਨੁਸਾਰ ਇਕੱਲੇ ਹੁਸ਼ਿਆਰਪੁਰ ਪਾਵਰਕਾਮ ਸਰਕਲ ’ਚ ਮਨਜ਼ੂਰਸ਼ੁਦਾ 3364 ਅਹੁਦਿਆਂ ’ਚੋਂ ਇਸ ਸਮੇਂ 1700 ਤੋਂ ਜ਼ਿਆਦਾ  ਖਾਲੀ ਪਏ ਹਨ। ਇਸੇ ਕਾਰਨ ਵਾਰ-ਵਾਰ ਸ਼ਿਕਾਇਤਾਂ   ਕਰਨ ਦੇ ਬਾਵਜੂਦ ਵਿਭਾਗ ਲੋਕਾਂ ਦੀਆਂ ਤਕਨੀਕੀ ਨੁਕਸ  ਸਬੰਧੀ ਆਮ ਸ਼ਿਕਾਇਤਾਂ ਵੀ ਸਮੇਂ ਸਿਰ ਦੂਰ ਨਹੀਂ ਕਰ ਪਾ ਰਿਹਾ।
ਕੀ ਹੈ ਹੁਸ਼ਿਆਰਪੁਰ ਪਾਵਰਕਾਮ ਡਵੀਜ਼ਨ ਦੀ ਸਥਿਤੀ : ਹੁਸ਼ਿਆਰਪੁਰ ਪਾਵਰਕਾਮ ਸਰਕਲ  ਅਧੀਨ ਆਉਂਦੇ  ਦਫ਼ਤਰ ’ਚ 123 ਅਹੁਦਿਆਂ ’ਚੋਂ 100 ਦੇ ਕਰੀਬ ਖਾਲੀ ਪਏ ਹਨ। ਇਥੇ ਗੱਲ ਡਵੀਜ਼ਨ ਪੱਧਰ ਦੀ ਕਰੀਏ ਤਾਂ ਸਿਟੀ ਡਵੀਜ਼ਨ ’ਚ 577 ਅਹੁਦਿਆਂ ’ਚੋਂ 325, ਹੁਸ਼ਿਆਰਪੁਰ ਸਬ-ਡਵੀਜ਼ਨ ’ਚ 459 ’ਚੋਂ 260, ਦਸੂਹਾ ਡਵੀਜ਼ਨ ’ਚ 853 ’ਚੋਂ 315, ਮੁਕੇਰੀਆਂ ਡਵੀਜ਼ਨ ’ਚ 518 ’ਚੋਂ 170, ਭੋਗਪੁਰ ਡਵੀਜ਼ਨ ’ਚ 602  ਵਿਚੋਂ 335 ਅਤੇ ਮਾਹਿਲਪੁਰ ਡਵੀਜ਼ਨ ’ਚ 502 ’ਚੋਂ 310 ਦੇ ਕਰੀਬ ਅਹੁਦੇ ਖਾਲੀ ਪਏ ਹਨ।
ਪੰਜਾਬ ਪਾਵਰਕਾਮ ਦਾ ਵੀ ਇਹੀ 
ਹਾਲ : ਜੇਕਰ ਗੱਲ ਪੰਜਾਬ  ਦੀ ਕਰੀਏ ਤਾਂ ਪਾਵਰਕਾਮ ’ਚ ਇਸ ਸਮੇਂ 86 ਲੱਖ ਖਪਤਕਾਰਾਂ  ਨੂੰ  ਬਿਜਲੀ  ਸਹੂਲਤ  ਮੁਹੱਈਆ  ਕਰਵਾਉਣ  ਲਈ ਸਿਰਫ 43 ਹਜ਼ਾਰ ਕਰਮਚਾਰੀ ’ਚੋਂ ਵੀ ਘੱਟ ਕੰਮ ਕਰ ਰਹੇ ਹਨ। 1997 ’ਚ ਪਾਵਰਕਾਮ ’ਚ ਕਰੀਬ 1 ਲੱਖ 10 ਹਜ਼ਾਰ ਦੇ ਕਰੀਬ ਸਟਾਫ਼ ਹੋਇਆ ਕਰਦਾ ਸੀ, ਜੋ ਕਿ ਬੀਤੇ 21 ਸਾਲਾਂ ’ਚ ਘਟ ਕੇ ਕਰੀਬ 43 ਹਜ਼ਾਰ ਰਹਿ ਗਿਆ ਹੈ। ਅੱਧੇ ਤੋਂ ਵੀ ਜ਼ਿਆਦਾ ਸਟਾਫ਼ ਰਿਟਾਇਰਡ ਹੋਣ ਕਾਰਨ ਸੂਬੇ ਦੀ ਪਾਵਰਕਾਮ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ।
ਕਲੈਰੀਕਲ ਸਟਾਫ਼ ਵੀ ਟੈਕਨੀਕਲ ਨਾਲ ਦਿੰਦੈ ਡਿਊਟੀ : ਪਾਵਰਕਾਮ ’ਚ ਹਰ ਸਾਲ ਕਰਮਚਾਰੀ ਰਿਟਾਇਰਡ ਹੁੰਦੇ ਜਾ ਰਹੇ ਹਨ ਪਰ ਉਨ੍ਹਾਂ ਦੀ ਜਗ੍ਹਾ ਨਵੀਂ ਭਰਤੀ ਨਹੀਂ ਹੋ ਰਹੀ। ਇਸ ਕਾਰਨ ਇਕ-ਇਕ ਕਰਮਚਾਰੀ 10 ਤੋਂ 15 ਕਰਮਚਾਰੀਆਂ ਦੇ ਬਰਾਬਰ ਕੰਮ ਕਰ ਰਿਹਾ ਹੈ। ਪੈਡੀ ਸੀਜ਼ਨ ’ਚ ਤਾਂ ਕਮਰਸ਼ੀਅਲ ਅਤੇ ਕਲੈਰੀਕਲ ਸਟਾਫ਼ ਨੂੰ ਵੀ ਬਾਹਰ ਟੈਕਨੀਕਲ ਸਟਾਫ਼ ਨਾਲ ਡਿਊਟੀ ਦੇਣੀ ਪੈ ਰਹੀ ਹੈ। ਵਿਭਾਗ ਕੋਲ ਰੈਗੂਲਰ ਸਟਾਫ਼ ਨਾ ਹੋਣ ਕਾਰਨ ਟੈਕਨੀਕਲ ਸਟਾਫ਼ ਤੋਂ ਰਿਕਵਰੀ ਕਰਵਾਈ ਜਾ ਰਹੀ ਹੈ। ਇਸ ਵਿਰੁੱਧ ਪਾਵਰਕਾਮ ਯੂਨੀਅਨਾਂ  ਕਈ ਵਾਰ ਪ੍ਰਦਰਸ਼ਨ ਕਰ ਚੁੱਕੀਆਂ ਹਨ। ਪਾਵਰਕਾਮ ਦੇ ਟੈਕਨੀਕਲ ਸਟਾਫ਼ ਤੋਂ ਲੈ ਕੇ ਕੈਸ਼ ਕਾਊਂਟਰਾਂ ਤੱਕ ਗਿਣਤੀ ਦੇ ਕਰਮਚਾਰੀ ਬਚੇ ਹਨ, ਜਿਸ ਕਾਰਨ ਕਰਮਚਾਰੀਆਂ ਨੂੰ ਆਏ ਦਿਨ ਨਵੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਊਟਸੋਰਸਿੰਗ ਨਾਲ ਕੰਮਕਾਜ ’ਤੇ ਅਸਰ ਨਹੀਂ : ਇੰਜ. ਖਾਂਬਾ : ਸੰਪਰਕ ਕਰਨ ’ਤੇ ਹੁਸ਼ਿਆਰਪੁਰ ਪਾਵਰਕਾਮ ਸਰਕਲ ਦੇ ਡਿਪਟੀ ਚੀਫ਼ ਇੰਜੀਨੀਅਰ ਪੀ.ਐੱਸ. ਖਾਂਬਾ ਨੇ ਦੱਸਿਆ ਕਿ ਪਾਵਰਕਾਮ ਇਸ ਸਮੇਂ ਮੈਨਟੀਨੈਂਸ ਤੋਂ ਇਲਾਵਾ ਲਗਭਗ 
ਸਾਰੇ ਕੰਮ ਆਊਟਸੋਰਸਿੰਗ ਜ਼ਰੀਏ ਸਫ਼ਲਤਾਪੂਰਵਕ ਕਰਵਾ ਰਿਹਾ ਹੈ, ਜਿਸ ਨਾਲ ਖਪਤਕਾਰਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ। ਰੈਗੂਲਰ ਕਾਫੀ ਅਹੁਦੇ ਖਾਲੀ ਪਏ ਹਨ, ਇਸ ਦੀ ਜਾਣਕਾਰੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਹੈ। ਕੋਈ ਤਕਨੀਕੀ ਨੁਕਸ ਪੈਂਦਾ ਹੈ ਤਾਂ ਤੁਰੰਤ ਦੂਰ ਕੀਤਾ ਜਾਂਦਾ ਹੈ।


Related News