ਦੂਜੇ ਵਿਆਹ ਦੀ ਖਾਤਰ ਪਤੀ ਨੇ ਭਰਾ ਨਾਲ ਮਿਲ ਪਤਨੀ ਦੇ ਪਾਇਆ ਤੇਜ਼ਾਬ, ਹਾਲਤ ਗੰਭੀਰ
Sunday, Nov 24, 2019 - 04:02 PM (IST)
ਸ੍ਰੀ ਮੁਕਤਸਰ ਸਹਿਬ, ਦੋਦਾ (ਪਵਨ ਤਨੇਜਾ, ਲਖਵੀਰ ਸ਼ਰਮਾ) - ਸ੍ਰੀ ਮੁਕਤਸਰ ਸਹਿਬ ਦੇ ਪਿੰਡ ਗਹਿਰੀ ਵਿਖੇ ਪਤੀ ਵਲੋਂ ਦੂਜਾ ਵਿਆਹ ਕਰਵਾਉਣ ਦੀ ਖਾਤਰ ਭਰਾ ਨਾਲ ਮਿਲ ਕੇ ਪਤਨੀ ’ਤੇ ਤੇਜ਼ਾਬੀ ਚੀਜ਼ ਪਾ ਕੇ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਕੁੜੀ ਦੀ ਮਾਤਾ ਕਿਰਨਜੀਤ ਕੌਰ ਪਤਨੀ ਸਤਿਨਾਮ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਕੁੜੀ ਸੁਖਵਿੰਦਰ ਕੌਰ ਦਾ ਵਿਆਹ 7 ਸਾਲ ਪਹਿਲਾਂ ਪਿੰਡ ਗਹਿਰੀ ਗੁਰਮੀਤ ਸਿੰਘ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ। ਉਸਦਾ ਜਵਾਈ ਉਸ ਦੀ ਕੁੜੀ ਨੂੰ ਛੱਡ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ, ਜਿਸ ਕਾਰਨ ਉਨ੍ਹਾਂ ’ਚ ਹਮੇਸ਼ਾ ਤੂੰ-ਤੂੰ, ਮੈਂ-ਮੈਂ ਰਹਿਣ ਲੱਗ ਪਈ। ਉਸ ਦੀ ਕੁੜੀ ਪਿਛਲੇ 5-6 ਮਹੀਨਿਆਂ ਤੋਂ ਉਨ੍ਹਾਂ ਕੋਲ ਰਹਿ ਰਹੀ ਹੈ।
ਉਸ ਨੇ ਦੱਸਿਆ ਕਿ ਸਰਦੀਆਂ ਸ਼ੁਰੂ ਹੁੰਦੇ ਸਾਰ ਜਦੋਂ ਉਹ ਆਪਣੇ ਸਹੁਰੇ ਘਰ ਤੋਂ ਆਪਣੇ ਅਤੇ ਬੱਚਿਆਂ ਦੇ ਗਰਮ ਕੱਪੜੇ ਲੈਣ ਗਈ ਤਾਂ ਉਸ ਦੇ ਪਤੀ ਨੇ ਆਪਣੇ ਭਰਾ ਮਿਲ ਉਸ ਦੇ ਸਰੀਰ 'ਤੇ ਤੇਜ਼ਾਬੀ ਚੀਜ ਪਾ ਦਿੱਤੀ, ਜਿਸ ਨਾਲ ਉਸ ਦੇ ਖੱਬੇ ਪਾਸੇ ਦੇ ਕੱਪੜੇ ਅਤੇ ਸਰੀਰ ਸੜ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਉਸ ਦਾ ਪਤੀ ਅਤੇ ਦਿਉਰ ਮੌਕੇ ਤੋਂ ਫਰਾਰ ਹੋ ਗਏ। ਇਸ ਬਾਰੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕੁੜੀ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਹਿਬ ਭਰਤੀ ਕਰਵਾ ਦਿੱਤਾ। ਕੁੜੀ ਦੇ ਪੇਕੇ ਪਰਿਵਾਰ ਨੇ ਪੁਲਸ ਨੂੰ ਸੂਚਨਾ ਦੇਣ ਮਗਰੋਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਰਜੋਰ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਪੁਲਸ ਅਧਿਕਾਰੀ ਦਾ
ਇਸ ਸਬੰਧੀ ਬਿਆਨ ਲੈਣ ਪਹੁੰਚੇ ਸਬੰਧਤ ਪੁਲਸ ਥਾਣਾ ਗੁਰੂਹਰਸਹਾਏ ਦੇ ਏ.ਐੱਸ.ਆਈ. ਮਹਿੰਦਰ ਸਿੰਘ ਨੇ ਕਿਹਾ ਕਿ ਉਸ ਵਲੋਂ ਪੀੜਤਾ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ। ਮਾਮਲੇ ਦੀ ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।