ਮਾਮੂਲੀ ਗੱਲ ਨੂੰ ਲੈ ਕੇ ਪਿੰਡ ਲੱਖੇਵਾਲੀ ''ਚ ਹੋਈ ਲੜਾਈ, ਕੀਤਾ ਨੌਜਵਾਨ ਦਾ ਕਤਲ
Tuesday, Jul 30, 2019 - 04:32 PM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ) - ਪਿੰਡ ਲੱਖੇਵਾਲੀ ਵਿਖੇ ਸੰਮੇਵਾਲੀ ਨੂੰ ਜਾਣ ਵਾਲੀ ਸੜਕ 'ਤੇ ਬੀਤੀ ਰਾਚ ਟਿੱਬੇ ਤੋਂ ਜੋ ਬਸਤੀ ਬਣਾਈ ਗਈ ਹੈ, ਉਥੇ ਕਿਸੇ ਗੱਲ ਨੂੰ ਲੈ ਕੇ 2 ਧਿਰਾਂ 'ਚ ਝਗੜਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਕ ਧਿਰ ਵਲੋਂ ਦੂਜੀ ਧਿਰ ਦੇ ਘਰ ਜਾ ਕੇ ਹਮਲਾ ਕਰਨ 'ਤੇ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ (34) ਦੀ ਪਿੰਡ ਦੇ ਹੀ ਗੁਰਪ੍ਰੀਤ ਸਿੰਘ ਨਾਲ ਸ਼ਾਮ ਦੇ ਸਮੇਂ ਤੂੰ-ਤੂੰ, ਮੈਂ-ਮੈਂ ਹੋਈ ਸੀ। ਰਾਤ ਨੂੰ ਹਰਪ੍ਰੀਤ ਸਿੰਘ ਜਦੋਂ ਆਪਣੀ ਪਤਨੀ ਤੇ ਬੱਚੇ ਨਾਲ ਘਰ 'ਚ ਸੀ ਤਾਂ ਉਸ ਦੇ ਘਰ ਦੋ ਵਿਅਕਤੀ ਆਏ, ਜੋ ਉਨ੍ਹਾਂ ਨਾਲ ਗੱਲਬਾਤ ਕਰਨ ਲੱਗ ਪਏ। ਇੰਨੇ ਨੂੰ ਗੁਰਪ੍ਰੀਤ ਸਿੰਘ ਉਥੇ ਡਾਂਗ ਲੈ ਕੇ ਪਹੁੰਚ ਗਿਆ।
ਦੋਵਾਂ ਧਿਰਾਂ ਦਰਮਿਆਨ ਹੋਏ ਲੜਾਈ ਝਗੜੇ 'ਚ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਹਰਪ੍ਰੀਤ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਹਸਪਤਾਲ 'ਚ ਇਲਾਜ ਅਧੀਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁੱਜੀ ਥਾਣਾ ਲੱਖੇਵਾਲੀ ਦੀ ਪੁਲਸ ਨੇ ਗੁਰਪ੍ਰੀਤ ਸਿੰਘ ਪੁੱਤਰ ਗੁਲਜਾਰ ਸਿੰਘ, ਕਾਲਾ ਸਿੰਘ ਪੁੱਤਰ ਗੁਲਜਾਰ ਸਿੰਘ ਤੇ ਗੋਰਾ ਸਿੰਘ ਪੁੱਤਰ ਮਨਜੀਤ ਸਿੰਘ ਖਿਲਾਫ਼ ਧਾਰਾ-302 ਦੇ ਤਹਿਤ ਕਤਲ ਦਾ ਮਾਮਲਾ ਦਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਤੇ ਕਾਲਾ ਦੋਵੇਂ ਸਕੇ ਭਰਾ ਹਨ। ਥਾਣਾ ਮੁਖੀ ਇੰਸਪੈਕਟਰ ਬੇਅੰਤ ਕੌਰ ਨੇ ਦੱਸਿਆ ਕਿ ਪੁਲਸ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ।