ਤਿੰਨ ਦਿਨਾਂ ਦੀ ਸੇਵਾ ਤੋਂ ਬਾਅਦ ਸੁਣੋ ਕੀ ਬੋਲੇ ਬਾਦਲ .(ਵੀਡੀਓ)
Monday, Dec 10, 2018 - 02:54 PM (IST)
ਅੰਮ੍ਰਿਤਸਰ : ਪਿਛਲੇ ਦਸ ਸਾਲ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਲਈ ਸ੍ਰੀ ਦਰਬਾਰ ਸਾਹਿਬ 'ਚ ਸੇਵਾ ਕਰਨ ਦੇ ਤੀਜੇ ਤੇ ਆਖਰੀ ਦਿਨ ਅਕਾਲੀ ਦਲ ਵਲੋਂ ਗੁਰਦੁਆਰਾ ਸਾਹਿਬ ਵਿਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਆਪਣੇ ਪਿਓ ਕੋਲ ਜਾਣੇ-ਅਨਜਾਣੇ 'ਚ ਹੋਈਆਂ ਭੁੱਲਾਂ ਬਖਸ਼ਾਉਣ ਆਏ ਹਨ। ਇਕ ਵਾਰ ਫਿਰ ਪੱਤਰਕਾਰਾਂ ਦੇ ਸਵਾਲਾਂ ਨੂੰ ਟਾਲਦੇ ਹੋਏ ਬਾਦਲ ਨੇ ਕਿਹਾ ਕਿ ਇਹ ਸੇਵਾ ਦਾ ਮੰਤਵ ਧਾਰਮਿਕ ਹੈ ਅਤੇ ਇਸ ਦਾ ਸਿਆਸੀਕਰਨ ਨਾ ਕੀਤਾ ਜਾਵੇ।
ਪੱਤਰਕਾਰਾਂ ਵਲੋਂ ਜਦੋਂ ਬਾਦਲ ਪਾਸੋਂ ਕਿਨ੍ਹਾਂ ਭੁੱਲਾਂ ਦੀ ਗਲਤੀ ਮੰਗਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਗੱਲ ਨੂੰ ਟਾਲਦੇ ਹੋਏ ਕਿਹਾ ਕਿ ਉਹ ਸਿਰਫ ਜਾਣੇ-ਅਨਜਾਣੇ 'ਚ ਹੋਈਆਂ ਭੁੱਲਾਂ ਦੀ ਮੁਆਫੀ ਮੰਗਣ ਆਏ ਹਨ। ਇਸ ਮੌਕੇ ਜਦੋਂ ਬਾਦਲ ਕੋਲੋਂ ਬਰਗਾੜੀ ਮਾਮਲੇ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਸ ਸੰਬੰਧੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਦੱਸ ਦੇਈਏ ਕਿ ਬੀਤੇ ਸ਼ਨੀਵਾਰ ਤੋਂ ਅਕਾਲੀ ਦਲ ਵੱਲੋਂ ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਦੀ ਮੁਆਫੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ ਅੱਜ ਪਾਏ ਗਏ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤ ਸ਼੍ਰੋਮਣੀ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਰਹੇ।