2 ਕਰੋੜ ਲੁੱਟ ਕੇ ਭੱਜੀ ਚਿੱਟ ਫੰਡ ਕੰਪਨੀ ਦਾ ਪੁਤਲਾ ਫੂਕਿਆ

Friday, Nov 10, 2017 - 01:25 AM (IST)

2 ਕਰੋੜ ਲੁੱਟ ਕੇ ਭੱਜੀ ਚਿੱਟ ਫੰਡ ਕੰਪਨੀ ਦਾ ਪੁਤਲਾ ਫੂਕਿਆ

ਭਵਾਨੀਗੜ੍ਹ, (ਸੰਜੀਵ, ਵਿਕਾਸ)— ਇਲਾਕੇ ਦੇ ਕਈ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਤੋਂ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਕਰੀਬ ਦੋ ਕਰੋੜ ਰੁਪਏ ਇਕੱਠੇ ਕਰ ਕੇ ਰਫੂ ਚੱਕਰ ਹੋਈ ਉੱਤਰ ਪ੍ਰਦੇਸ਼ ਦੀ ਇਕ ਚਿੱਟ ਫੰਡ ਕੰਪਨੀ ਦੇ ਖਿਲਾਫ ਪਿੰਡ ਬਖੋਪੀਰ, ਬਖਤੜਾ ਅਤੇ ਬਖਤੜੀ ਦੇ ਵੱਡੀ ਗਿਣਤੀ 'ਚ ਲੋਕਾਂ ਨੇ ਪਿੰਡ ਦੇ ਚੌਕ 'ਚ ਨਾਅਰੇਬਾਜ਼ੀ ਕਰਦਿਆਂ ਕੰਪਨੀ ਦਾ ਪੁਤਲਾ ਫੂਕਿਆ।  ਜਾਣਕਾਰੀ ਅਨੁਸਾਰ ਪਿੰਡ ਬਖੋਪੀਰ ਦੇ ਕੁਲਵਿੰਦਰ ਸਿੰਘ, ਸੌਦਾਗਰ ਸਿੰਘ, ਗੱਗੀ ਸਿੰਘ, ਗੁਰਦੇਵ ਸਿੰਘ, ਬੀਰਬਲ ਖਾਨ, ਚੰਦਰ ਸ਼ੇਖਰ, ਸਤਨਾਮ ਸਿੰਘ, ਵਿੱਕੀ ਸਿੰਘ, ਨੱਛਤਰ ਕੌਰ, ਜਗਸੀਰ ਸਿੰਘ ਬਾਬਾ, ਪ੍ਰਦੀਪ ਕੁਮਾਰ ਸਮੇਤ ਪਿੰਡ ਬਾਲਦ ਖੁਰਦ ਦੇ ਜਗਤਾਰ ਸਿੰਘ, ਮਹਿਕਪ੍ਰੀਤ ਕੌਰ ਤੇ ਬਲਜਿੰਦਰ ਸਿੰਘ, ਨਛੱਤਰ ਕੌਰ, ਭਰਭੂਰ ਕੌਰ, ਰਕਸ਼ਾ ਦੇਵੀ, ਸਰੋਜ ਰਾਣੀ, ਪਰਮਜੀਤ ਕੌਰ, ਹਰਪ੍ਰੀਤ ਕੌਰ ਸਣੇ ਹੋਰ ਵੱਖ-ਵੱਖ ਪਿੰਡਾਂ ਦੇ ਉਕਤ ਕੰਪਨੀ ਵੱਲੋਂ ਠੱਗੇ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਇਸ ਕੰਪਨੀ ਦੇ ਏਜੰਟਾਂ ਨੇ ਲਾਲਚ ਦੇ ਕੇ ਅਤੇ ਕਈ ਤਰ੍ਹਾਂ ਦੇ ਸਬਜ਼ਬਾਗ ਵਿਖਾ ਕੇ ਆਪਣੇ ਜਾਲ ਵਿਚ ਫਸਾ ਲਿਆ। ਕੰਪਨੀ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਲਾਏ ਪੈਸੇ 5 ਸਾਲਾਂ ਬਾਅਦ ਵਿਆਜ ਸਣੇ ਦੁੱਗਣੇ ਕਰ ਕੇ ਮੋੜੇ ਜਾਣਗੇ। ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਨਾਲ-ਨਾਲ ਦੂਰ ਨੇੜੇ ਦੇ ਰਿਸ਼ਤੇਦਾਰਾਂ ਦੇ ਵੀ ਲੱਖਾਂ ਰੁਪਏ ਏਜੰਟਾਂ ਦੇ ਕਹਿਣ 'ਤੇ ਉਕਤ ਕੰਪਨੀ 'ਚ ਲਗਵਾ ਦਿੱਤੇ। ਬਾਅਦ ਵਿਚ ਆਨੇ ਬਹਾਨੇ ਨਾਲ ਉਨ੍ਹਾਂ ਦੀਆਂ ਕੀਤੀਆਂ ਪਾਲਿਸੀਆਂ ਕੰਪਨੀ 'ਚ ਜਮ੍ਹਾ ਕਰਵਾ ਲਈਆਂ ਪਰ ਪੈਸੇ ਵਾਪਸ ਨਹੀਂ ਕੀਤੇ। ਪੀੜਤ ਲੋਕਾਂ ਨੇ ਦੱਸਿਆ ਕਿ ਇਸ ਚਿੱਟ ਫੰਡ ਕੰਪਨੀ ਖਿਲਾਫ ਉਨ੍ਹਾਂ ਇਕ ਸਾਲ ਪਹਿਲਾਂ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਚਿੱਟ ਫੰਡ ਕੰਪਨੀ ਖਿਲਾਫ ਕਾਰਵਾਈ ਕਰ ਕੇ ਉਨ੍ਹਾਂ ਦੇ ਪੈਸੇ ਵਾਪਸ ਦਿਵਾਏ ਜਾਣ ਪਰ ਸ਼ਿਕਾਇਤ ਕਰਨ 'ਤੇ ਵੀ ਕੰਪਨੀ ਖਿਲਾਫ ਕੋਈ ਕਾਰਵਾਈ ਨਹੀਂ ਹੋਈ। 
ਦੂਜੇ ਪਾਸੇ ਇਕ ਸਾਲ ਪਹਿਲਾਂ ਇਸ ਚਿੱਟ ਫੰਡ ਕੰਪਨੀ ਖਿਲਾਫ ਸਮਾਜ ਸੇਵੀ ਸੰਸਥਾ ਦੀ ਪ੍ਰਧਾਨ ਅਨੂਪਮਾ ਕੋਸ਼ਲਾ ਨੇ ਜ਼ਿਲਾ ਪੁਲਸ ਮੁਖੀ ਅਤੇ ਜ਼ਿਲਾ ਡਿਪਟੀ ਕਮਿਸ਼ਨਰ, ਵਿੱਤ ਮੰਤਰੀ ਸਣੇ ਭਵਾਨੀਗੜ੍ਹ ਪੁਲਸ ਨੂੰ ਲਿਖਤੀ ਸ਼ਿਕਾਇਤਾਂ ਕੀਤੀਆਂ। ਉਨ੍ਹਾਂ ਗਰੀਬ ਲੋਕਾਂ ਦੀ ਹਮਾਇਤ ਕਰਦਿਆਂ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪੁਲਸ ਪ੍ਰਸ਼ਾਸਨ ਵੱਲੋਂ ਚਿੱਟ ਫੰਡ ਕੰਪਨੀ ਅਤੇ ਉਨ੍ਹਾਂ ਦੇ ਏਜੰਟਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । 
ਗਰੀਬਾਂ ਨਾਲ ਠੱਗੀਆਂ ਮਾਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ :  ਥਾਣਾ ਮੁਖੀ
ਜਦੋਂ ਇਸ ਸੰਬੰਧੀ ਥਾਣਾ ਭਵਾਨੀਗੜ੍ਹ ਦੇ ਮੁਖੀ ਚਰਨਜੀਤ ਸਿੰਘ ਲਾਂਬਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਕੰਪਨੀ ਤੇ ਏਜੰਟਾਂ ਦੀ ਜਾਂਚ ਕਰ ਰਹੀ ਹੈ। ਗਰੀਬ ਲੋਕਾਂ ਨਾਲ ਠੱਗੀਆਂ ਮਾਰਨ ਵਾਲੀ ਕੰਪਨੀ ਅਤੇ ਉਨ੍ਹਾਂ ਦੇ ਏਜੰਟਾਂ ਨੂੰ ਬਖਸ਼ਿਆ ਨਹੀਂ ਜਾਵੇਗਾ ।  


Related News